ਚੰਡੀਗੜ੍ਹ 19 ਦਸੰਬਰ 2022: ਪੰਜਾਬ ਵਿਚ ਧੁੰਦ ਵਧਣ ਨਾਲ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ | ਇਸਦੇ ਚੱਲਦੇ ਧੁੰਦ ਕਾਰਨ ਸੋਮਵਾਰ ਤੜਕੇ ਲੁਧਿਆਣਾ-ਸਰਹਿੰਦ ਜੀਟੀ ਰੋਡ ‘ਤੇ 7 ਵਾਹਨ ਆਪਸ ਵਿੱਚ ਟਕਰਾ ਗਏ। ਬਹੁਤ ਘੱਟ ਵਿਜ਼ੀਬਿਲਟੀ ਕਾਰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ 3 ਜਣੇ ਗੰਭੀਰ ਜ਼ਖਮੀ ਵੀ ਹੋਏ ਹਨ, ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਮੁਲਾਜ਼ਮਾਂ ਨੇ ਧੁੰਦ ਤੋਂ ਬਚਣ ਲਈ ਰਿਫਲੈਕਟਰ ਆਦਿ ਵੀ ਲਾਏ ਹੋਏ ਹਨ।ਹਾਦਸੇ ਤੋਂ ਬਾਅਦ ਕਰੇਨ ਆਦਿ ਬੁਲਾ ਕੇ ਨੁਕਸਾਨੇ ਵਾਹਨਾਂ ਨੂੰ ਸਾਈਡ ’ਤੇ ਕੀਤਾ ਗਿਆ ਅਤੇ ਆਵਾਜਾਈ ਵਿਵਸਥਾ ਨੂੰ ਮੁੜ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਹਾਦਸੇ ਕਾਰਨ ਕਾਫੀ ਦੇਰ ਤੱਕ ਆਵਾਜਾਈ ਵੀ ਠੱਪ ਰਹੀ।
ਅੰਬਾਲਾ ਤੋਂ ਲੁਧਿਆਣਾ ਆ ਰਹੇ ਡਰਾਈਵਰ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਲੁਧਿਆਣਾ ਜਾ ਰਿਹਾ ਸੀ। ਜੀ.ਟੀ ਰੋਡ ‘ਤੇ ਇਕ ਵਾਹਨ ਖੜ੍ਹਾ ਸੀ ਜੋ ਧੁੰਦ ਕਾਰਨ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਇਹ ਟੱਕਰ ਹੋ ਗਈ। ਯਾਤਰੀ ਅਨੁਸਾਰ ਜਿਵੇਂ ਹੀ ਉਹ ਕਾਰ ‘ਚੋਂ ਉਤਰਿਆ ਤਾਂ ਪਿੱਛੇ ਤੋਂ ਆਏ ਇਕ ਵਾਹਨ ਨੇ ਟੱਕਰ ਮਾਰ ਦਿੱਤੀ |
ਟਰੱਕ ਡਰਾਈਵਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਗੱਡੀ ਲੈ ਕੇ ਆ ਰਿਹਾ ਸੀ। ਧੁੰਦ ਕਾਰਨ ਉਹ ਜੀਟੀ ਰੋਡ ’ਤੇ ਖੜ੍ਹੀ ਗੱਡੀ ਨੂੰ ਨਹੀਂ ਦੇਖ ਸਕਿਆ। ਇਸ ਕਾਰਨ ਉਸ ਦਾ ਟਰੱਕ ਉਸ ਨਾਲ ਟਕਰਾ ਗਿਆ। ਹਾਦਸੇ ਵਿੱਚ ਉਸ ਦੇ ਇੱਕ ਸਾਥੀ (ਕਲੀਨਰ) ਦੀਆਂ ਲੱਤਾਂ ਟੁੱਟ ਗਈਆਂ ਹਨ, ਜਿਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਫਿਲਹਾਲ 5 ਤੋਂ 7 ਵਾਹਨ ਨੁਕਸਾਨੇ ਗਏ ਹਨ।