Site icon TheUnmute.com

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਪੁਰਬ ਮਨਾਉਣ ਲਈ 172 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ

Gurpurab

ਨਵੀਂ ਦਿੱਲੀ 24 ਨਵੰਬਰ, 2023 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Gurpurab) ’ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ 172 ਸ਼ਰਧਾਲੂਆਂ ਦਾ ਜੱਥਾ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਰਵਾਨਾ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਜੱਥਾ ਕਮੇਟੀ ਮੈਂਬਰ ਸਰਦਾਰ ਪਰਮਜੀਤ ਸਿੰਘ ਚੰਢੋਕ ਤੇ ਸਰਦਾਰ ਜਤਿੰਦਰਪਾਲ ਸਿੰਘ ਗੋਲਡੀ ਦੀ ਅਗਵਾਈ ਹੇਠ ਰਵਾਨਾ ਹੋਇਆ ਹੈ ਜੋ ਅੱਜ ਇਥੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਬੱਸਾਂ ਰਾਹੀਂ ਅੰਮ੍ਰਿਤਸਰ ਪਹੁੰਚੇਗਾ ਤੇ ਭਲਕੇ ਹੋਰ ਸੰਗਤਾਂ ਦੇ ਨਾਲ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਪ੍ਰਵੇਸ਼ ਕਰੇਗਾ। ਉਹਨਾਂ ਦੱਸਿਆ ਕਿ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ ਇਹ ਜੱਥਾ 5 ਦਸੰਬਰ ਦੀ ਸਵੇਰ ਨੂੰ ਵਾਪਸ ਵਤਨ ਪਰਤੇਗਾ।

ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Gurpurab) ’ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸੰਗਤਾਂ ਵਿਚ ਬਹੁਤ ਖੁਸ਼ੀ ਤੇ ਉਤਸ਼ਾਹ ਹੈ। ਉਹਨਾਂ ਕਿਹਾ ਕਿ ਇਹ ਸੁਭਾਗ ਗੁਰੂ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਨਾਲ ਹੀ ਮਿਲਦਾ ਹੈ ਤੇ ਉਹਨਾਂ ਜੱਥੇ ਵਿਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਵਧਾਈ ਵੀ ਦਿੱਤੀ।

ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 350 ਸ਼ਰਧਾਲੂਆਂ ਲਈ ਪਾਸਪੋਰਟ ਪਾਕਿਸਤਾਨ ਸਫਾਰਤਖਾਨੇ ਨੂੰ ਭੇਜੇ ਗੲ ਸਨ ਜਿਸਨੇ ਸਿਰਫ 163 ਸ਼ਰਧਾਲੂਆਂ ਦੇ ਵੀਜ਼ੇ ਦਿੱਤੇ। ਇਸ ਉਪਰੰਤ ਸਰਦਾਰ ਪਰਮਜੀਤ ਸਿੰਘ ਚੰਢੋਕ ਨੇ ਪਾਕਿਸਤਾਨ ਸਫਾਰਖਾਨੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਤਾਂ 9 ਸ਼ਰਧਾਲੂਆਂ ਨੂੰ ਹੋਰ ਵੀਜ਼ੇ ਦਿੱਤੇ ਗਏ।

ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਇਕ ਤਾਂ ਵੀਜ਼ੇ ਦੇਣ ਦਾ ਫੈਸਲਾ ਕੁਝ ਦਿਨ ਪਹਿਲਾਂ ਲੈਣ ਦੀ ਥਾਂ ਐਨ ਮੌਕੇ ਦੀ ਮੌਕੇ ਲਿਆ ਜਾਂਦਾ ਹੈ ਜਿਸ ਕਾਰਨ ਸ਼ਰਧਾਲੂ ਆਪਣੀ ਤਿਆਰੀ ਵੀ ਸਮੇਂ ਸਿਰ ਨਹੀਂ ਪਾਉਂਦੇ। ਉਹਨਾਂ ਕਿਹਾ ਕਿ ਦੂਜਾ ਜਿੰਨੇ ਸ਼ਰਧਾਲੂਆਂ ਲਈ ਵੀਜ਼ਾ ਦਿੱਲੀ ਕਮੇਟੀ ਨੇ ਮੰਗਿਆ ਹੈ, ਉਹਨਾਂ ਸਾਰਿਆਂ ਲਈ ਵੀਜ਼ਾ ਮਿਲਣਾ ਚਾਹੀਦਾ ਹੈ ਜੋ ਨਹੀਂ ਦਿੱਤਾ ਜਾਂਦਾ। ਉਹਨਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਵਿੱਤਰ ਗੁਰਪੁਰਬ ਮੌਕੇ ਜੱਥਿਆਂ ਵਾਸਤੇ ਇਹ ਦੋਵੇਂ ਤਰੁੱਟੀਆਂ ਠੀਕ ਕਰੇ। ਪਹਿਲਾ ਤਾਂ ਵੀਜ਼ੇ ਸਮੇਂ ਸਿਰ ਦਿੱਤੇ ਜਾਣ ਤੇ ਦੂਜਾ ਪੂਰੇ ਸ਼ਰਧਾਲੂਆਂ ਵਾਸਤੇ ਦਿੱਤੇ ਜਾਣ ਤਾਂ ਜੋ ਸੰਗਤਾਂ ਸਮੇਂ ਖੁਸ਼ੀ ਖੁਸ਼ੀ ਗੁਰੂ ਘਰਾਂ ਦੇ ਦਰਸ਼ਨ ਕਰ ਸਕਣ।

Exit mobile version