July 7, 2024 10:11 am
Kuvar Amritbir Singh

ਗੁਰਦਾਸਪੁਰ ਦੇ 20 ਸਾਲਾ ਨੌਜਵਾਨ ਨੇ ਪੁਸ਼ਪਅਪ ‘ਚ ਗਿਨੀਜ਼ ਵਰਲਡ ਰਿਕਾਰਡ ‘ਚ ਨਾਂ ਕਰਵਾਇਆ ਦਰਜ

ਗੁਰਦਾਸਪੁਰ 23 ਅਗਸਤ 2022: ਗੁਰਦਾਸਪੁਰ (Gurdaspur) ਦੇ 20 ਸਾਲ ਦੇ ਨੌਜਵਾਨ ਨੇ ਆਪਣੇ ਆਪ ਨੂੰ ਸਾਬਤ ਕਰ ਇਕ ਵੱਖਰੀ ਪਹਿਚਾਣ ਕਾਇਮ ਕੀਤੀ । ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁਵਰ ਅੰਮ੍ਰਿਤਬੀਰ ਸਿੰਘ (Kuvar Amritbir Singh) ਜਿਸ ਵਲੋਂ ਛੋਟੀ ਉਮਰ ‘ਚ ਹੀ ਕੁਝ ਵੱਖ ਕਰਨ ਦਾ ਮਨ ਬਣਾ ਲਿਆ ਸੀ | ਕੁਵਰ ਅੰਮ੍ਰਿਤਬੀਰ ਸਿੰਘ ਨੇ ਇਕ ਵੱਖ ਤਰ੍ਹਾਂ ਦੇ ਪੁਸ਼ਪਅਪ ਲਗਾ ਕੇ Egypt ਦੇ ਨੌਜਵਾਨ ਦਾ ਰਿਕਾਰਡ ਤੋੜ ਆਪਣਾ ਨਾਂ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ਼ ਕਰਵਾਇਆ ਹੈ |

ਅੱਜ ਉਹ ਆਪਣੇ ਹੀ ਘਰ ਅਤੇ ਦੇਸੀ ਢੰਗ ਤਰੀਕੇ ਨਾਲ ਮਿਹਨਤ ਕਰ ਸੋਸ਼ਲ ਮੀਡਿਆ ‘ਤੇ ਇਕ ਫਿੱਟਨੈਸ ਪ੍ਰਭਾਵਕ ਵਜੋਂ ਪਹਿਚਾਣ ਕਾਇਮ ਕਰ ਚੁੱਕਾ ਹੈ | ਕੁਵਰ ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤੱਕ ਲੈ ਕੇ ਜਾਣ ਲਈ ਉਹ ਸੋਸ਼ਲ ਮੀਡਿਆ ‘ਤੇ ਜਰੂਰ ਅਗੇ ਵੱਧ ਰਿਹਾ ਹੈ ਅਤੇ ਦੇਸ਼ ਅਤੇ ਵਿਦੇਸ਼ਾ ਤੋਂ ਵੀ ਨੌਜਵਾਨ ਉਸ ਨਾਲ ਜੁੜ ਰਹੇ ਹਨ |

ਕੁਵਰ ਅੰਮ੍ਰਿਤਬੀਰ ਸਿੰਘ (Kuvar Amritbir Singh) ਹੋਰਨਾਂ ਫਿੱਟਨੈੱਸ ਪ੍ਰਭਾਵਕ ਤੋਂ ਕੁਝ ਵੱਖ ਹੈ ਸਰਹੱਦੀ ਪਿੰਡ ‘ਚ ਰਹਿਣ ਵਾਲੇ ਇਸ ਨੌਜ਼ਵਾਨ ਨੇ ਕਰੀਬ ਦੋ ਸਾਲ ਪਹਿਲਾ ਹੀ ਕੁਝ ਵੱਖ ਕਰਨ ਦੀ ਸੋਚ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਪਿੰਡ ‘ਚ ਜਿੰਮ ਨਹੀਂ ਸੀ, ਤਾਂ ਕੁਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਉਸਨੇ ਸੋਸ਼ਲ ਮੀਡਿਆ ‘ਤੇ ਪੁਰਾਤਨ ਪਹਿਲਵਾਨਾਂ ਅਤੇ ਅਖਾੜਿਆਂ ‘ਚ ਕਿਵੇਂ ਅਭਿਆਸ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਇਕੱਤਰ ਕੀਤੀ |

ਇਸਦੇ ਨਾਲ ਹੀ ਉਸਨੇ ਘਰ ‘ਚ ਹੀ ਦੇਸੀ ਢੰਗ ਨਾਲ ਇਕ ਆਪਣਾ ਜਿੰਮ ਤਿਆਰ ਕੀਤਾ ਅਤੇ ਅੱਜ ਵੀ ਉਹ ਰੋਜਾਨਾ ਉਸੇ ਹੀ ਤਰ੍ਹਾਂ ਰੋਜਾਨਾ ਪ੍ਰੈਕਟਿਸ ਕਰਦਾ ਹੈ | ਕੁਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਉਹ ਰੋਜ਼ਾਨਾ ਸਵੇਰੇ ਆਪਣੀ ਵਰਜਿਸ਼ ਸ਼ੁਰੂ ਕਰ ਦਿੰਦਾ ਹੈ ਅਤੇ ਦੋ ਘੰਟੇ ਆਪਣੇ ਘਰ ਦੀ ਛੱਤ ‘ਤੇ ਖ਼ੁਦ ਬਣਾਏ ਆਪਣੇ ਜਿੰਮ ‘ਚ ਅਭਿਆਸ ਕਰਦਾ ਹੈ |

ਉੱਥੇ ਹੀ ਇਹ ਨੌਜ਼ਵਾਨ ਸੋਸ਼ਲ ਮੀਡਿਆ ਰਾਹੀਂ ਹੋਰਨਾਂ ਨੌਜਵਾਨਾਂ ਨੂੰ ਫਿਟਨੈਸ ਬਾਰੇ ਜਾਣਕਾਰੀ ਵੀ ਸਾਂਝੀ ਕਰਦਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਸਿਹਤ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਵੀਡੀਓ ਫਿਲਮ ਵੀ ਜਾਰੀ ਕਰ ਚੁੱਕਾ ਹੈ | ਉਸ ਦਾ ਟੀਚਾ ਹੈ ਕਿ ਫਿਟਨੈਸ ‘ਚ ਹੀ ਦੇਸ਼ ਅਤੇ ਵਿਦੇਸ਼ਾ ‘ਚ ਆਪਣਾ ਇਕ ਵੱਖ ਮੁਕਾਮ ਹਾਸਲ ਕਰਨਾ |

ਕੁਵਰ ਅੰਮ੍ਰਿਤਬੀਰ ਸਿੰਘ ਦੇ ਪਰਿਵਾਰ ਵਾਲੇ ਵੀ ਆਪਣੇ ਬੱਚੇ ਵਲੋਂ ਕੀਤੀ ਜਾ ਰਹੀ ਮਿਹਨਤ ਤੋਂ ਬਹੁਤ ਖੁਸ਼ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਬੇਟੇ ਨੇ ਆਪਣੀ ਮਿਹਨਤ ਸਦਕਾ ਪੂਰੀ ਦੁਨੀਆ ‘ਚ ਆਪਣਾ ਇਕ ਨਾਂਅ ਦਰਜ਼ ਕੀਤਾ ਹੈ ਅਤੇ ਉਹਨਾਂ ਨੂੰ ਉਸ ਤੇ ਮਾਣ ਮਹਿਸੂਸ ਹੁੰਦਾ ਹੈ | ਲੇਕਿਨ ਪਰਿਵਾਰ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਕੁਵਰ ਅੰਮ੍ਰਿਤਬੀਰ ਸਿੰਘ ਪੂਰੀ ਤਰ੍ਹਾਂ ਸਾਬਤ ਸੂਰਤ ਸਿੱਖ ਨੌਜਵਾਨ ਹੈ ਲੇਕਿਨ ਅੱਜ ਤੱਕ ਵੱਖ ਵੱਖ ਮੁਕਾਮ ਹਾਸਲ ਕਰਨ ਦੇ ਬਾਵਜੂਦ ਕਦੇ ਵੀ ਐਸਜੀਪੀਸੀ ਵਲੋਂ ਉਸ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਅਤੇ ਇਥੋਂ ਤੱਕ ਕਿ ਪੰਜਾਬ ਸਰਕਾਰ ਜਾ ਫਿਰ ਪ੍ਰਸ਼ਾਸ਼ਨ ਵਲੋਂ ਵੀ ਕਦੇ ਉਸ ਨੂੰ ਸਨਮਾਨ ਤੱਕ ਨਹੀਂ ਦਿੱਤਾ, ਜਿਸ ਦੀ ਉਹਨਾਂ ਨੂੰ ਉਡੀਕ ਹੈ |