ਚੰਡੀਗੜ੍ਹ, 15 ਫਰਵਰੀ 2022 : ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਚਾਰ ਹਫਤਿਆਂ ਵਿੱਚ ਨਸ਼ੇ ਦਾ ਲੱਕ ਤੋੜਿਆ ਜਾਵੇਗਾ ਪਰ ਲੋਕਾਂ ਦਾ ਕਹਿਣਾ ਹੈ, ਪੰਜ ਸਾਲਾਂ ਦੌਰਾਨ ਧੜੱਲੇ ਨਾਲ ਨਸ਼ਾ ਵਿਕਦਾ ਰਿਹਾ ਹੈ। ਹੁਣ 2022 ਦੀਆਂ ਚੋਣਾਂ ਨੂੰ ਲੈਕੇ ਇੱਕ ਵਾਰ ਫਿਰ ਲੀਡਰ ਨਸ਼ੇ ਦੇ ਖਾਤਮੇ ਦੀ ਗੱਲ ਆਖ ਕੇ ਵੋਟਾਂ ਬਟੋਰ ਰਹੇ ਹਨ। ਪਰ ਪਿੰਡ ਪੋਜੋਕੇ ਵਿੱਚ ਨਸ਼ੇ ਕਾਰਨ ਨੌਜਵਾਨ ਦੀ ਹੋਈ ਮੌਤ ਨੇ ਇੱਕ ਵਾਰ ਫਿਰ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ |
ਮਾਮਲਾ ਹੈ ਫਿਰੋਜ਼ਪੁਰ ਦੇ ਪਿੰਡ ਪੋਜੋਕੇ ਦਾ ਜਿਥੇ ਉਸ ਸਮੇਂ ਪਿੰਡ ਵਿੱਚ ਮਾਤਮ ਛਾ ਗਿਆ ਜਦੋਂ ਨਸ਼ੇ ਦੀ ਓਵਰਡੋਜ ਕਾਰਨ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਗੁੱਸੇ ਵਿੱਚ ਆਏ ਪਰਿਵਾਰ ਵਾਲਿਆਂ ਨੇ ਨਸ਼ਾ ਵੇਚਣ ਵਾਲੇ ਘਰ ਦੇ ਬਾਹਰ ਧਰਨਾ ਲਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ। ਕਈ ਵਾਰ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਪਰ ਕੋਈ ਕਾਰਵਾਈ ਨਹੀਂ ਜਿਸ ਦਾ ਖੁਮਿਆਜਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਨੌਜਵਾਨ ਪੁੱਤਰ ਦੀ ਮੌਤ ਨੇ ਪੂਰਾ ਘਰ ਉਜਾੜ ਕੇ ਰੱਖ ਦਿੱਤਾ ਹੈ।
ਦੂਜੇ ਪਾਸੇ ਜਦੋਂ ਮੌਕੇ ਤੇ ਪੁਲਿਸ ਪੁੱਜੀ ਤਾਂ ਗੁੱਸੇ ‘ਚ ਆਏ ਪਿੰਡ ਦੇ ਲੋਕ ਪੁਲਿਸ ਦੁਆਲੇ ਹੋ ਗਏ ਅਤੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਘਰ ਦੀ ਤਲਾਸ਼ੀ ਲੈਣ ਦੀ ਗੱਲ ਕਰਨ ਲੱਗੇ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੂੰ ਘਰ ਦੀ ਤਲਾਸ਼ੀ ਲੈਣੀ ਪਈ ਜਿਸ ਦੌਰਾਨ ਘਰ ਵਿਚੋਂ ਕੁੱਝ ਨਸ਼ੇ ਦੀਆਂ ਗੋਲੀਆਂ ਅਤੇ ਦਰਜਨਾਂ ਮੋਬਾਈਲ ਬਰਾਮਦ ਹੋਏ ਜੋ ਉਹ ਵਿਅਕਤੀ ਮੋਬਾਈਲ ਗਹਿਣੇ ਰੱਖ ਨਸ਼ਾ ਵੇਚਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਬਰਾਮਦ ਹੋਏ ਸਮਾਨ ਅਤੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕਾਰਵਾਈ ਕਰਨ ਦੀ ਗੱਲ ਕਹੀ ਇਸ ਮੌਕੇ ਪਰਿਵਾਰਕ ਮੈਬਰਾਂ ਨੇ ਮੰਗ ਕੀਤੀ ਹੈ, ਕਿ ਉਨ੍ਹਾਂ ਦੇ ਇਲਾਕੇ ਵਿਚੋਂ ਨਸ਼ਾ ਬੰਦ ਕਰਵਾਇਆ ਜਾਵੇ ਤਾ ਜੋ ਨਸ਼ੇ ਕਾਰਨ ਕਿਸੇ ਹੋਰ ਦਾ ਘਰ ਨਾ ਉਜੜੇ।