ਚੰਡੀਗੜ੍ਹ, 13 ਨਵੰਬਰ 2021 : ‘ਆਪ’ ਦੇ ਕੌਮੀ ਕੌਂਸਲ ਮੈਂਬਰ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਨਵੰਬਰ ਦੇ ਆਖਰੀ ਹਫ਼ਤੇ ਮੁੱਖ ਮੰਤਰੀ ਅਹੁਦੇ ਲਈ ਚਿਹਰੇ ਦਾ ਐਲਾਨ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੋਵੇਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਆਮ ਆਦਮੀ ਪਾਰਟੀ ਨੂੰ ਸਿਆਸੀ ਬਦਲਾਅ ਵਜੋਂ ਦੇਖ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿੱਚ ਸੱਤਾ ਵਿੱਚ ਆਵੇਗੀ। ਪਾਰਟੀ ਦੇ ਵਿਧਾਇਕਾਂ ਦੇ ਵਾਰ-ਵਾਰ ਪਾਰਟੀ ਛੱਡਣ ਦੇ ਮੁੱਦੇ ‘ਤੇ ਵਿਧਾਇਕ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸੀ ਅਦਲਾ-ਬਦਲੀ ਹੁੰਦੀ ਰਹਿੰਦੀ ਹੈ, ਭਾਵੇਂ ਕੋਈ ਵੀ ਹੋਵੇ।
ਮੁੱਖ ਮੰਤਰੀ ਚੰਨੀ ਵੱਲੋਂ ਆਪਣੀ ਸਰਕਾਰ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਾਢੇ ਚਾਰ ਸਾਲ ਬੇਕਾਰ ਸਰਕਾਰ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਮ ਆਦਮੀ ਦੀ ਨਕਲ ਕਰ ਸਕਦੇ ਹਨ, ਪਰ ਕੇਜਰੀਵਾਲ ਸਰਕਾਰ ਨੇ 49 ਦਿਨਾਂ ‘ਚ 32 ਅਫਸਰ ਮੁਅੱਤਲ ਕੀਤੇ ਸੀ, ਜੋ ਕਿ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ।