Ayushman Bharat

ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 36 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ 20 ਦਸੰਬਰ 2022: ਮੁੱਖ ਮੰਤਰੀ ਭਾਗਵਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ (Ayushman Bharat) ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਲਈ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਨੂੰ 36 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਹ ਰਾਸ਼ੀ ਪੰਜਾਬ ਸਮੇਤ ਦੇਸ਼ ਭਰ ਦੇ ਹੋਰਨਾਂ ਸੂਬਿਆਂ ਵਿੱਚ ਸਥਿਤ ਹਸਪਤਾਲਾਂ ਨੂੰ ਜਾਰੀ ਕੀਤੀ ਗਈ ਹੈ, ਜਿੱਥੇ ਪੰਜਾਬ ਦੇ ਲਾਭਪਾਤਰੀ ਮਰੀਜ਼ਾਂ ਦਾ ਇਸ ਸਕੀਮ ਤਹਿਤ ਮੁਫ਼ਤ ਇਲਾਜ ਕੀਤਾ ਗਿਆ ਹੈ।

ਹਾਲ ਹੀ ਵਿੱਚ 7 ਦਸੰਬਰ, 2022 ਨੂੰ 20 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਕੁੱਲ 36 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਿੱਚੋਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ 20.35 ਕਰੋੜ ਰੁਪਏ ਅਤੇ ਸਰਕਾਰੀ ਹਸਪਤਾਲਾਂ ਨੂੰ 15.76 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਿਛਲੇ 3 ਸਾਲਾਂ ਤੋਂ ਲਗਭਗ 44.04 ਲੱਖ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀਆਂ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 1618 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਲਗਭਗ 13.60 ਲੱਖ ਟ੍ਰੀਟਮੈਂਟ ਕਰਨ ਦੇ ਨਾਲ ਨਾਲ ਲਗਭਗ 80 ਲੱਖ ਸਿਹਤ ਬੀਮਾ ਕਾਰਡ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਯੋਗ ਲਾਭਪਾਤਰੀ ਪਰਿਵਾਰਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਕਲੇਮ ਕੀਤੀ ਰਾਸ਼ੀ ਦੀ ਸਮੇਂ ਸਿਰ ਅਦਾਇਗੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਕਾਰਡ ਬਣਾਉਣ ਲਈ ਨਜ਼ਦੀਕੀ ਸੂਚੀਬੱਧ/ਸਰਕਾਰੀ ਹਸਪਤਾਲ, ਸੀਐਸਸੀ ਕੇਂਦਰ ਜਾਂ ਸੇਵਾ ਕੇਂਦਰਾਂ ‘ਤੇ ਜਾ ਸਕਦੇ ਹਨ ਅਤੇ ਸਕੀਮ ਅਧੀਨ ਆਪਣੀ ਯੋਗਤਾ ਦੀ ਜਾਂਚ ਲਈ ਵਿਭਾਗ ਦੀ ਵੈੱਬਸਾਈਟ www.sha.punjab.gov.in ‘ਤੇ ਪਹੁੰਚ ਕਰ ਸਕਦੇ ਹਨ।

Scroll to Top