Manish Tiwari

ਮਨੀਸ਼ ਤਿਵਾੜੀ ਨੇ ਨਵਾਂਸ਼ਹਿਰ ਲਈ ਪਾਸਪੋਰਟ ਸੇਵਾ ਕੇਂਦਰ ਦਾ ਮੁੱਦਾ ਲੋਕ ਸਭਾ ‘ਚ ਚੁੱਕਿਆ

ਨਵਾਂਸ਼ਹਿਰ 09 ਦਸੰਬਰ 2022: ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਇਆ ਹੈ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਨਵਾਂਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ।

ਜਿਥੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਯੂਰਪ ਵਿਚ ਵਸਦੇ ਹਨ। ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜ਼ਿਲ੍ਹੇ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਸ ਬਾਰੇ ਪਹਿਲਾਂ ਮੰਤਰਾਲੇ ਦਾ ਜਵਾਬ ਆਇਆ ਸੀ ਕਿ ਪਾਸਪੋਰਟ ਸੇਵਾ ਕੇਂਦਰ ਲਈ ਕੋਈ ਥਾਂ ਨਹੀਂ ਹੈ। ਅਸੀਂ ਨਗਰ ਕੌਂਸਲ ਅਤੇ ਡਾਕ ਵਿਭਾਗ ਦੀ ਮਦਦ ਨਾਲ ਡਾਕਖਾਨੇ ਦੀ ਥਾਂ ’ਤੇ ਆਲੀਸ਼ਾਨ ਇਮਾਰਤ ਬਣਵਾਈ।

ਉਨ੍ਹਾਂ ਖੁਲਾਸਾ ਕੀਤਾ ਕਿ ਉਕਤ ਇਮਾਰਤ ਨੂੰ ਬਣਿਆਂ ਇਕ ਸਾਲ ਬੀਤ ਚੁੱਕਾ ਹੈ। ਜਲੰਧਰ ਸਥਿਤ ਖੇਤਰੀ ਪਾਸਪੋਰਟ ਸੇਵਾ ਕੇਂਦਰ ਦਾ ਕਹਿਣਾ ਹੈ ਕਿ ਉਥੇ ਬੁਨਿਆਦੀ ਢਾਂਚਾ ਸਥਾਪਤ ਕਰਕੇ ਚਾਲੂ ਕੀਤਾ ਜਾਣਾ ਹੈ। ਜਿਸ ‘ਤੇ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕਰਨਾ ਚਾਹੁੰਦੀ ਹੈ? ਜੇ ਅਜਿਹਾ ਹੈ, ਤਾਂ ਕਦੋਂ ਸ਼ੁਰੂ ਕਰਨਾ ਹੈ? ਜੇ ਸ਼ੁਰੂ ਨਹੀਂ ਕਰਨਾ, ਤਾਂ ਕੀ ਕਾਰਨ ਹੈ? ਕੀ ਪਾਸਪੋਰਟ ਕੇਂਦਰ ਇਸ ਲਈ ਨਹੀਂ ਬਣਾਇਆ ਜਾ ਰਿਹਾ, ਕਿਉਂਕਿ ਉਹ ਵਿਰੋਧੀ ਧਿਰ ਦੇ ਸੰਸਦ ਮੈਂਬਰ ਹਨ?

Scroll to Top