Mayor Raman Goyal

ਕਰ ਵਿਭਾਗ ਵੱਲੋਂ ਸੂਬੇ ਭਰ ‘ਚ ਛਾਪੇਮਾਰੀ ਕਾਰਨ ਛੋਟੇ ਕਾਰੋਬਾਰੀ ਤੇ ਵਪਾਰੀ ਹੋ ਰਹੇ ਹਨ ਪਰੇਸ਼ਾਨ: ਰਾਜਾ ਵੜਿੰਗ

ਚੰਡੀਗੜ੍ਹ 06 ਦਸੰਬਰ 2022: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਫੈਲਾਏ ਜਾ ਰਹੇ ਟੈਕਸ ਅੱਤਵਾਦ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਾਨੂੰਨ ਲਾਗੂ ਕਰਵਾਓ, ਪਰ ਵਪਾਰੀਆਂ ਵਿੱਚ ਦਹਿਸ਼ਤ ਨਾ ਫੈਲਾਓ।

ਕਰ ਵਿਭਾਗ ਵੱਲੋਂ ਸੂਬੇ ਭਰ ਵਿੱਚ ਮਾਰੇ ਗਏ ਛਾਪਿਆਂ ’ਤੇ ਪ੍ਰਤੀਕਰਮ ਦਿੰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ ਵੱਡੇ ਪੱਧਰ ’ਤੇ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਝੱਲ ਰਹੀ ਹੈ, ਜੋ ਆਪਣੇ ਟੈਕਸ ਅਧਿਕਾਰੀਆਂ ਰਾਹੀਂ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ’ਤੇ ਆਪਣਾ ਗੁੱਸਾ ਕੱਢ ਰਹੀ ਹੈ।

ਵੜਿੰਗ ਵਿੱਚ ਅਜਿਹੇ ਛਾਪਿਆਂ ਬਾਰੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਜੀਐਸਟੀ ਅਧਿਕਾਰੀਆਂ ਨੂੰ ਕੋਈ ਸ਼ੰਕਾ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਸਬੰਧਤ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਸਥਿਤੀ ਸਪੱਸ਼ਟ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਡੀ ਤਸੱਲੀ ਨਹੀਂ ਹੈ ਤਾਂ ਤੁਸੀਂ ਜਾਂਚ ਨੂੰ ਅੱਗੇ ਲੈ ਕੇ ਕਾਰੋਬਾਰੀ ਦੇ ਕੰਪਲੈਕਸ ਜਾ ਸਕਦੇ ਹੋ। ਪਰ ਅਧਿਕਾਰੀਆਂ ਵੱਲੋਂ ਅਜਿਹਾ ਡਰ ਅਤੇ ਦਹਿਸ਼ਤ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ, ਜਿਵੇਂ ਤੁਸੀਂ ਕਿਸੇ ਅੱਤਵਾਦੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੇ ਹੋਵੋ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਟੈਕਸ ਅਧਿਕਾਰੀਆਂ ਨੇ ਕਰਿਆਨੇ ਅਤੇ ਭਾਂਡਿਆਂ ਦੀਆਂ ਦੁਕਾਨਾਂ ਵਰਗੇ ਛੋਟੇ ਕਾਰੋਬਾਰਾਂ ‘ਤੇ ਛਾਪੇਮਾਰੀ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਜਿਹੇ ਛਾਪੇ ਮਾਰ ਕੇ ਅਜਿਹਾ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਕੁਝ ਵੀ ਸਾਹਮਣੇ ਨਹੀਂ ਆਵੇਗਾ। ਇਹ ਸਰਕਾਰ ਦੀ ਨਿਰਾਸ਼ਾ ਨੂੰ ਹੀ ਦਰਸਾਉਂਦੀ ਹੈ, ਜਿਸ ਨੇ ਸੂਬੇ ਨੂੰ ਦੀਵਾਲੀਏਪਣ ਵੱਲ ਧੱਕ ਦਿੱਤਾ ਹੈ ਅਤੇ ਹੁਣ ਛੋਟੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਵੜਿੰਗ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਡੇ ਸ਼ਰਾਬ ਕਾਰੋਬਾਰੀਆਂ ਨੂੰ ਮਿਲੀਭੁਗਤ ਕਰਕੇ ਛੱਡ ਰਹੀ ਹੈ, ਜਦਕਿ ਦੂਜੇ ਪਾਸੇ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਵਪਾਰੀ ਵਰਗ ਪਹਿਲਾਂ ਹੀ ਜੀ.ਐਸ.ਟੀ ਦੇ ਗਲਤ ਲਾਗੂ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਹੁਣ ਸੂਬਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

Scroll to Top