ਪਟਿਆਲਾ 06 ਦਸੰਬਰ 2022: ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਨਾਲ ਲੈਕੇ ਚੱਲ ਰਹੀ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸੁਸਾਇਟੀ ਫਾਰ ਵੈਲਫੇਅਰ ਆਫ਼ ਹੈਂਡੀਕੈਪਡ ਵੱਲੋਂ ਵਿਸ਼ਵ ਦਿਵਿਆਂਗ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਸੁਸਾਇਟੀ ਦੇ ਸਕੱਤਰ ਕਰਨਲ ਕਰਮਿੰਦਰ ਸਿੰਘ ਦੀ ਅਗਵਾਈ ਹੇਠਲੇ ਇਸ ਸਮਾਗਮ ਵਿੱਚ ਪਟਿਆਲਾ ਸਕੂਲ ਫਾਰ ਦੀ ਡੈੱਫ਼, ਸਕੂਲ ਫਾਰ ਦੀ ਬਲਾਇੰਡ ਅਤੇ ਪਟਿਆਲਾ ਸਕੂਲ ਫਾਰ ਦੀ ਡੈੱਫ਼ ਬਲਾਇੰਡ ਦੇ ਵਿਦਿਆਰਥੀਆਂ ਸਮੇਤ ਸ੍ਰੀਲੰਕਾ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੀ ਟੀਮ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਬੱਚੇ ਕਿਸੇ ਵੀ ਪਾਸੋਂ ਵਿਹੂਣੇ ਨਹੀਂ ਸਗੋਂ ਵਿਲੱਖਣ ਕਲਾ ਦੇ ਮਾਲਕ ਹਨ ਅਤੇ ਸਰੀਰਕ ਪੱਖੋਂ ਚੁਣੌਤੀ ਭਰਪੂਰ ਬੱਚਿਆਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਡਾ. ਬਲਜੀਤ ਕੌਰ ਨੇ ਕਿਹਾ ਕਿ ਸਰੀਰਕ ਪੱਖੋਂ ਕਿਸੇ ਅੰਗ ਤੋਂ ਵਾਂਝੇ ਹੋਣ ਨਾਲ ਕੋਈ ਵਿਅਕਤੀ ਅਧੂਰਾ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ‘ਤੇ ਅਧੂਰੇ ਹੋਣਾ ਵੱਡੀ ਘਾਟ ਹੈ, ਇਸ ਲਈ ਅਜਿਹੇ ਬੱਚਿਆਂ ਲਈ ਕੰਮ ਕਰ ਰਹੀ ਸੁਸਾਇਟੀ ਫਾਰ ਵੈਲਫੇਅਰ ਆਫ਼ ਹੈਂਡੀਕੈਪਡ ਦੀ ਮਦਦ ਲਈ ਪੰਜਾਬ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਪਣੇ ਆਪ ਨੂੰ ਪੱਛੜ ਗਿਆ ਸਮਝਣ ਵਾਲੇ ਲੋਕਾਂ ਲਈ ਕੰਮ ਕਰਨ ਵਾਲੀਆਂ ਐਨ.ਜੀ.ਓਜ਼ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਉਨੀ ਥੋੜੀ ਹੈ ਇਸ ਲਈ ਭਗਵੰਤ ਮਾਨ ਸਰਕਾਰ ਵੀ ਅਜਿਹੀਆਂ ਸੰਸਥਾਵਾਂ ਨੂੰ ਨਾਲ ਲੈਕੇ ਚੱਲ ਰਹੀ ਹੈ। ਡਾ. ਬਲਜੀਤ ਕੌਰ ਨੇ ਖ਼ੁਦ ਅੱਖਾਂ ਦੀ ਮਾਹਰ ਡਾਕਟਰ ਹੋਣ ਸਮੇਤ ਸ੍ਰੀਲੰਕਾ ਵੱਲੋਂ ਨੇਤਰ ਦਾਨ ਮੁਹਿੰਮ ‘ਚ ਪਾਏ ਯੋਗਦਾਨ ਦਾ ਹਵਾਲਾ ਦਿੰਦਿਆਂ ਸੱਦਾ ਦਿਤਾ ਕਿ ਸਾਨੂੰ ਅੱਖਾਂ ਦਾਨ ਕਰਨ ਦਾ ਪ੍ਰਣ ਕਰਕੇ ਕੋਰਨੀਆ ਬਲਾਇੰਡ ਲੋਕਾਂ ਨੂੰ ਨਜਰ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਸਮਾਗਮ ਮੌਕੇ ਪਟਿਆਲਾ ਸਕੂਲ ਫਾਰ ਦੀ ਡੈੱਫ਼ ਬਲਾਇੰਡ ਦੇ ਅਧਿਆਪਕ ਬੋਲਣ, ਸੁਨਣ ਅਤੇ ਦੇਖਣ ਤੋਂ ਅਸਮਰੱਥ ਐਨੀ ਮੈਥਿਊ ਨੇ ਆਪਣੇ ਫੋਨ ਤੋਂ ਟੈਕਟਾਈਲ ਸੰਕੇਤ ਭਾਸ਼ਾ ਜਰੀਏ ਕੈਬਨਿਟ ਮੰਤਰੀ ਨੂੰ ਸਵਾਗਤ ਕਰਨ ਦਾ ਸੁਨੇਹਾ ਭੇਜ ਦੇ ਜੀ ਆਇਆਂ ਨੂੰ ਆਖਿਆ |
ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਾਪਤੀਆਂ ਵਾਲੇ ਬੱਚਿਆਂ ਅਤੇ ਸੁਸਾਇਟੀ ਦੇ ਸਕੂਲਾਂ ‘ਚ ਕੰਮ ਕਰਦੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ‘ਚ ਸੁਸਾਇਟੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਸਵਾਗਤ ਕਰਦਿਆਂ ਸੁਸਾਇਟੀ ਬਾਰੇ ਦੱਸਿਆ ਜਦਕਿ ਸਕੱਤਰ ਕਰਨਲ ਕਰਮਿੰਦਰ ਸਿੰਘ ਨੇ ਸੁਸਾਇਟੀ ਦੇ ਸਕੂਲਾਂ ਬਾਰੇ ਜਾਣਕਾਰੀ ਦਿੱਤੀ ਤੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸਿਬੀਆ ਨੇ ਧੰਨਵਾਦ ਕੀਤਾ।
ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸੁਸਾਇਟੀ ਦੇ ਸੰਯੁਕਤ ਸਕੱਤਰ ਸਿਮਰਪ੍ਰੀਤ ਸਿੰਘ, ਖ਼ਜ਼ਾਨਚੀ ਪਵਨ ਗੋਇਲ, ਸਕੂਲ ਦੇ ਪ੍ਰਿੰਸੀਪਲ ਰੇਨੂੰ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਦਿਵਿਆਂਗ ਬੱਚੇ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ।