ਚੰਡੀਗੜ੍ਹ 03 ਦਸੰਬਰ 2022: ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਰਾਮਬਨ (Ramban) ਦੇ ਰਾਮਸੂ ਵਿਖੇ ਪੁਲਿਸ ਨੇ ਇਕ ਟਰੱਕ ਤੋਂ ਪੌਣੇ ਤਿੰਨ ਕੁਇੰਟਲ (275 ਕਿੱਲੋ ) ਭੁੱਕੀ ਬਰਾਮਦ ਕੀਤੀ ਅਤੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਸੇਬ ਲੱਦੇ ਹੋਏ ਸਨ ਅਤੇ ਇਨ੍ਹਾਂ ਸੇਬਾਂ ਦੇ ਡੱਬਿਆਂ ਹੇਠ ਭੁੱਕੀ ਦੀਆਂ ਬੋਰੀਆਂ ਬੜੀ ਹੁਸ਼ਿਆਰੀ ਨਾਲ ਛੁਪਾਈਆਂ ਗਈਆਂ ਸਨ।
ਦੂਜੇ ਪਾਸੇ ਜੰਮੂ ਵਿੱਚ ਗੋਦਾਮ ਵਿੱਚ ਖੜ੍ਹੇ ਟਰੱਕ ਵਿੱਚੋਂ ਵੀ 700 ਕਿਲੋ ਭੁੱਕੀ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਮਬਨ ਪੁਲਿਸ ਨੇ ਦੱਸਿਆ ਕਿ ਰਾਮਸੂ ਵਿਖੇ ਹਾਈਵੇਅ ’ਤੇ ਰੂਟੀਨ ਚੈਕਿੰਗ ਦੌਰਾਨ ਪੁਲਿਸ ਨੇ ਸ੍ਰੀਨਗਰ ਤੋਂ ਪੰਜਾਬ ਜਾ ਰਹੇ ਇੱਕ ਟਰੱਕ ਨੰਬਰ (ਜੇ.ਕੇ.05ਜੀ-9376) ਨੂੰ ਰੋਕਿਆ, ਜਿਸ ਵਿਚੋਂ ਇਹ ਖੇਪ ਬ੍ਰਾਮਦ ਹੋਈ ।
ਪੁਲਿਸ ਨੇ ਟਰੱਕ ਡਰਾਈਵਰ ਤਨਵੀਰ ਅਹਿਮਦ ਭੱਟ ਅਤੇ ਟਰੱਕ ਕਲੀਨਰ ਸਾਹਿਲ ਨਜ਼ੀਰ ਚੋਪਨ ਦੋਵੇਂ ਵਾਸੀ ਸੀਲੂ, ਸੋਪੋਰ, ਬਾਰਾਮੂਲਾ ਕਸ਼ਮੀਰ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਐਸਡੀਪੀਓ ਬਨਿਹਾਲ ਨਿਸਾਰ ਅਹਿਮਦ ਖਵਾਜਾ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਮਸੂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ