ਚੰਡੀਗੜ੍ਹ 21 ਨਵੰਬਰ 2022: ਇੰਡੋਨੇਸ਼ੀਆ (Indonesia) ਦੀ ਰਾਜਧਾਨੀ ਜਕਾਰਤਾ ‘ਚ 5.6 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਹੈ। ਇਸ ਦੌਰਾਨ 20 ਨਾਗਰਿਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ 300 ਤੋਂ ਵੱਧ ਨਾਗਰਿਕ ਜ਼ਖਮੀ ਦੱਸੇ ਜਾ ਰਹੇ ਹਨ। ਸਿਆੰਜੂਰ ਦੇ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹਰਮਨ ਨੇ ਦੱਸਿਆ ਕਿ ਮੈਨੂੰ ਮਿਲੀ ਜਾਣਕਾਰੀ ਮੁਤਾਬਕ ਸਿਰਫ ਇਕ ਹਸਪਤਾਲ ‘ਚ ਕਰੀਬ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟੋ-ਘੱਟ 300 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਮਾਰਤਾਂ ‘ਚ ਫਸ ਜਾਣ ਕਾਰਨ ਜ਼ਿਆਦਾਤਰ ਲੋਕ ਜ਼ਖਮੀ ਹੋ ਗਏ | ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ |
ਮੌਸਮ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਦੱਸਿਆ ਕਿ ਸੋਮਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 5.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਪੱਛਮੀ ਜਾਵਾ ਦੇ ਸਿਆਨਜੂਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਹਾਲਾਂਕਿ ਇਸ ਕਾਰਨ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ ਗਈ ਹੈ।
ਜਾਣਕਾਰੀ ਮੁਤਾਬਕ ਜਕਾਰਤਾ ‘ਚ ਭੂਚਾਲ ਤੋਂ ਬਾਅਦ ਲੋਕ ਵਿੱਚ ਡਰ ਦਾ ਮਾਹੌਲ ਹੈ । ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਬਾਹਰ ਆ ਗਏ। ਭੂਚਾਲ ਦੇ ਝਟਕਿਆਂ ਕਾਰਨ ਇਮਾਰਤ ਹਿੱਲਦੀ ਨਜ਼ਰ ਆਈਆਂ, ਜਿਸ ਨਾਲ ਹਫੜਾ-ਦਫੜੀ ਮਚ ਗਈ।
ਇਸ ਤੋਂ ਪਹਿਲਾਂ ਪੱਛਮੀ ਇੰਡੋਨੇਸ਼ੀਆ (Indonesia) ‘ਚ ਸ਼ੁੱਕਰਵਾਰ ਰਾਤ ਨੂੰ ਜ਼ਬਰਦਸਤ ਭੂਚਾਲ ਆਇਆ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਸੀ । ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਦੱਸਿਆ ਸੀ ਕਿ ਭੂਚਾਲ ਦੀ ਤੀਬਰਤਾ 6.9 ਸੀ। ਇਸ ਦਾ ਕੇਂਦਰ ਦੱਖਣੀ ਬੇਂਗਕੁਲੂ ਤੋਂ 202 ਕਿਲੋਮੀਟਰ ਦੱਖਣ-ਪੱਛਮ ਵਿਚ 25 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਸ ਤੋਂ ਬਾਅਦ ਇਕ ਹੋਰ ਝਟਕਾ ਆਇਆ, ਜਿਸ ਦੀ ਤੀਬਰਤਾ 5.4 ਸੀ।