ਚੰਡੀਗੜ੍ਹ 17 ਨਵੰਬਰ 2022: ਸ਼ਰਧਾ ਵਾਲਕਰ (Shraddha Walker) ਕਤਲਕਾਂਡ ਦਾ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਪੁਲਿਸ ਪੁੱਛਗਿੱਛ ‘ਚ ਨਿੱਤ ਨਵੇਂ ਖੁਲਾਸੇ ਕਰ ਰਿਹਾ ਹੈ। ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਅੱਜ ਦਿੱਲੀ ਪੁਲਿਸ ਨੇ ਵੀਸੀ ਰਾਹੀਂ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਇਸ ਦੌਰਾਨ ਅਦਾਲਤ ਨੇ ਆਫਤਾਬ ਪੂਨਾਵਾਲਾ ਦੇ ਪੁਲਿਸ ਰਿਮਾਂਡ ਵਿੱਚ ਪੰਜ ਦਿਨਾਂ ਦਾ ਵਾਧਾ ਕੀਤਾ ਹੈ | ਸ਼ਰਧਾ ਦੇ ਕਾਤਲ ਆਫਤਾਬ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਸਾਕੇਤ ਅਦਾਲਤ ਵਿੱਚ ਹੋਈ ਹੈ ।
ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਆਫਤਾਬ ਨੂੰ ਜਾਂਚ ਲਈ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਲਿਜਾਇਆ ਜਾਵੇਗਾ। ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਆਫਤਾਬ ਦੇ ਨਾਰਕੋ ਟੈਸਟ ਦੀ ਮੰਗ ਨੂੰ ਵੀ ਮਨਜ਼ੂਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਬਹੁਤ ਹੀ ਤਿੱਖੇ ਦਿਮਾਗ਼ ਦਾ ਹੈ। ਉਹ ਚੰਗੀ ਅੰਗਰੇਜ਼ੀ ਬੋਲਦਾ ਹੈ। ਉਹ ਸੋਚ ਸਮਝ ਕੇ ਹਰ ਗੱਲ ਦਾ ਜਵਾਬ ਦਿੰਦਾ ਹੈ। ਇਸ ਦੌਰਾਨ ਲਾਸ਼ ਦੇ ਟੁਕੜਿਆਂ ਨੂੰ ਬਰਾਮਦ ਕਰਨ ‘ਚ ਲੱਗੀ ਪੁਲਿਸ ਨੂੰ ਬੁੱਧਵਾਰ ਨੂੰ ਵੀ ਸ਼ਰਧਾ ਦਾ ਸਿਰ ਅਤੇ ਧੜ ਨਹੀਂ ਮਿਲਿਆ ਹੈ।
ਦਿੱਲੀ ਪੁਲਿਸ ਦੇ ਸੂਤਰ ਦਾ ਕਹਿਣਾ ਹੈ ਕਿ ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਸ਼ਰਧਾ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਉਸ ਦਾ ਚਿਹਰਾ ਸਾੜ ਦਿੱਤਾ ਸੀ। ਉਸਨੇ ਇਹ ਵੀ ਕਬੂਲ ਕੀਤਾ ਕਿ ਉਸਨੇ ਕਤਲ ਤੋਂ ਬਾਅਦ ਲਾਸ਼ ਦੇ ਨਿਪਟਾਰੇ ਲਈ ਇੰਟਰਨੈਟ ਤਰੀਕੇ ਸਰਚ ਕੀਤੇ ਸਨ |