ਚੰਡੀਗੜ੍ਹ 16 ਨਵੰਬਰ 2022: ਆਈਸੀਸੀ ਨੇ ਟੀ-20 ਇੰਟਰਨੈਸ਼ਨਲ ਦੀ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਰੈਂਕਿੰਗ ‘ਚ ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆ ਕੁਮਾਰ ਯਾਦਵ (Surya Kumar Yadav) ਪਹਿਲੇ ਨੰਬਰ ‘ਤੇ ਬਰਕਰਾਰ ਹਨ। ਸੂਰਿਆਕੁਮਾਰ ਯਾਦਵ 859 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੇ ਹਨ। ਹਾਲਾਂਕਿ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਇੰਗਲੈਂਡ ਖਿਲਾਫ ਸੂਰਿਆ ਦਾ ਬੱਲਾ ਨਹੀਂ ਚੱਲ ਸਕਿਆ । ਜਿਸ ਕਾਰਨ ਉਸ ਦੇ ਰੈਂਕਿੰਗ ਵਿੱਚ 10 ਅੰਕਾਂ ਦਾ ਨੁਕਸਾਨ ਹੋਇਆ ਹੈ। ਪਰ ਫਿਰ ਵੀ ਸੂਰਿਆ ਨੇ ਆਪਣੀ ਸਥਿਤੀ ਸਿਖਰ ‘ਤੇ ਬਰਕਰਾਰ ਰੱਖੀ ਹੋਈ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 836 ਅੰਕਾਂ ਨਾਲ ਦੂਜੇ ਨੰਬਰ ‘ਤੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਰਿਜ਼ਵਾਨ ਤੋਂ ਇਲਾਵਾ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 778 ਅੰਕਾਂ ਨਾਲ ਤੀਜੇ ਸਥਾਨ ‘ਤੇ ਆ ਗਏ ਹਨ। ਬਾਬਰ ਆਜ਼ਮ ਨੂੰ ਟੀ-20 ਵਿਸ਼ਵ ਕੱਪ ਸੈਮੀਫਾਈਨਲ ‘ਚ ਨਿਊਜ਼ੀਲੈਂਡ ਖਿਲਾਫ ਅਰਧ ਸੈਂਕੜਾ ਬਣਾਉਣ ਦਾ ਫਾਇਦਾ ਮਿਲਿਆ।