Manish Sisodia

ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਧਰਨੇ ‘ਤੇ ਬੈਠੇ ਮਨੀਸ਼ ਸਿਸੋਦੀਆ, ਕਿਹਾ ਬੰਦੂਕ ਦੀ ਨੋਕ ‘ਤੇ ਨਾਮਜ਼ਦਗੀ ਕਰਵਾਈ ਵਾਪਸ

ਚੰਡੀਗੜ੍ਹ 16 ਨਵੰਬਰ 2022: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੂਰੀ ਤਰਾਂ ਭਖ ਚੁੱਕਾ ਹੈ | ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਦੋਸ਼ ਲਾਇਆ ਹੈ ਕਿ ਸੂਰਤ (ਪੂਰਬੀ) ਤੋਂ ਸਾਡੇ ਉਮੀਦਵਾਰ ਕੰਚਨ ਜਰੀਵਾਲਾ ਨੂੰ ਭਾਜਪਾ ਨੇ ਅਗਵਾ ਕਰ ਲਿਆ ਹੈ। ਉਸ ਨੂੰ ਕੱਲ੍ਹ ਆਖਰੀ ਵਾਰ ਆਰਓ ਦਫ਼ਤਰ ਵਿੱਚ ਦੇਖਿਆ ਗਿਆ ਸੀ।

ਸਿਸੋਦੀਆ ਨੇ ਦੱਸਿਆ ਕਿ 500 ਤੋਂ ਵੱਧ ਪੁਲਿਸ ਮੁਲਾਜ਼ਮ ਕੰਚਨ ਜਰੀਵਾਲਾ (Kanchan Jariwala) ਨੂੰ ਜ਼ਬਰਦਸਤੀ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਲੈ ਗਏ ਅਤੇ ਨਾਮਜ਼ਦਗੀ ਵਾਪਸ ਲੈਣ ਲਈ ਦਬਾਅ ਪਾਇਆ। ਸਿਸੋਦੀਆ ਨੇ ਕਿਹਾ, ਜੋ ਵੀ ਹੋ ਰਿਹਾ ਹੈ, ਉਹ ਚੋਣ ਕਮਿਸ਼ਨ ‘ਤੇ ਸਵਾਲ ਖੜ੍ਹੇ ਕਰਦਾ ਹੈ।

ਇਸ ਦੌਰਾਨ ਮਨੀਸ਼ ਸਿਸੋਦੀਆ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਉਹ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠ ਗਏ ਹਨ। ਸਿਸੋਦੀਆ ਨੇ ਟਵੀਟ ਕਰਕੇ ਕਿਹਾ, ਉਮੀਦਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਦੀ ਨਾਮਜ਼ਦਗੀ ਬੰਦੂਕ ਦੀ ਨੋਕ ‘ਤੇ ਵਾਪਸ ਲੈ ਲਈ ਗਈ ਸੀ। ਚੋਣ ਕਮਿਸ਼ਨ ਲਈ ਇਸ ਤੋਂ ਵੱਡੀ ਐਮਰਜੈਂਸੀ ਕੀ ਹੋ ਸਕਦੀ ਹੈ? ਇਸ ਲਈ ਅਸੀਂ ਕੇਂਦਰੀ ਚੋਣ ਕਮਿਸ਼ਨ ਦੇ ਦਰਵਾਜ਼ੇ ‘ਤੇ ਫੌਰੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਏ ਹਾਂ।

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਆਪ’ ਸੂਰਤ ਤੋਂ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਗੁੰਡਿਆਂ ਅਤੇ ਪੁਲਿਸ ਦੀ ਸ਼ਹਿ ‘ਤੇ ਉਮੀਦਵਾਰਾਂ ਨੂੰ ਅਗਵਾ ਕਰਕੇ ਉਨ੍ਹਾਂ ਦੀਆਂ ਨਾਮਜ਼ਦਗੀਆਂ ਵਾਪਸ ਕਰਵਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੀ ਜਨਤਕ ਗੁੰਡਾਗਰਦੀ ਭਾਰਤ ਵਿੱਚ ਕਦੇ ਨਹੀਂ ਦੇਖੀ ਗਈ। ਫਿਰ ਚੋਣਾਂ ਦਾ ਕੀ ਮਤਲਬ? ਫਿਰ ਜਮਹੂਰੀਅਤ ਖਤਮ ਹੋ ਜਾਂਦੀ ਹੈ।

ਇਸ ਦੌਰਾਨ ਸਿਸੋਦੀਆ ਨੇ ਆਮ ਆਦਮੀ ਪਾਰਟੀ ‘ਤੇ ਟਿਕਟਾਂ ਵੇਚਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ, ‘ਆਪ’ ਵਿੱਚ ਟਿਕਟਾਂ ਨਹੀਂ ਵਿਕਦੀਆਂ। ਕਿਸੇ ਨੇ ਟਿਕਟ ਦੇ ਪੈਸੇ ਦਿੱਤੇ ਤੇ ਪੈਸੇ ਵੀ ਲੈ ਲਏ ਪਰ ਟਿਕਟ ਨਹੀਂ ਵਿਕੀ। ਇਸ ਤੋਂ ਸਾਫ਼ ਹੈ ਕਿ ‘ਆਪ’ ਵਿੱਚ ਟਿਕਟਾਂ ਨਹੀਂ ਵਿਕਦੀਆਂ। ਉਨ੍ਹਾਂ ਕਿਹਾ, ਮੈਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ।

Scroll to Top