ਚੰਡੀਗੜ੍ਹ 11ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਚੋਣ ਦੌਰੇ ਤੋਂ ਬਾਅਦ ਦੱਖਣੀ ਭਾਰਤ ਦੇ ਦੌਰੇ ‘ਤੇ ਹਨ। ਉਹ ਅੱਜ ਬੈਂਗਲੁਰੂ ਪਹੁੰਚੇ, ਜਿੱਥੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਅਤੇ ਭਾਜਪਾ ਦੇ ਧਾਰਵਾੜ ਸੰਸਦ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਕਵੀ ਕਨਕ ਦਾਸ ਅਤੇ ਮਹਾਂਰਿਸ਼ੀ ਵਾਲਮੀਕਿ ਦੀਆਂ ਮੂਰਤੀਆਂ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਇਸ ਤੋਂ ਬਾਅਦ ਉਨ੍ਹਾਂ ਨੇ ਬੰਗਲੌਰ ਦੇ ਕੇਐਸਆਰ ਰੇਲਵੇ ਸਟੇਸ਼ਨ ਤੋਂ ਪੰਜਵੀਂ ਵੰਦੇ ਭਾਰਤ ਐਕਸਪ੍ਰੈਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕੀਤਾ। ਇਸ ਨੂੰ ਲਗਭਗ 5,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਨਾਲ ਹਵਾਈ ਅੱਡੇ ਦੀ ਸਮਰੱਥਾ 2.5 ਕਰੋੜ ਯਾਤਰੀਆਂ ਦੀ ਸਾਲਾਨਾ ਤੋਂ ਵਧ ਕੇ 5-6 ਕਰੋੜ ਹੋ ਜਾਵੇਗੀ। ਕਰੀਬ 2.5 ਲੱਖ ਵਰਗ ਮੀਟਰ ਖੇਤਰ ਵਿੱਚ ਫੈਲੇ ਇਸ ਟਰਮੀਨਲ ਦੇ ਗੇਟ ਲਾਉਂਜ ਵਿੱਚ 5,932 ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੋਵੇਗੀ।
ਮੈਸੂਰ ਤੋਂ ਚੇਨਈ ਤੱਕ ਚੱਲਣ ਵਾਲੀ ਵੰਦੇ ਭਾਰਤ ਰੇਲਗੱਡੀ ਦੱਖਣੀ ਭਾਰਤ ਦੀ ਪਹਿਲੀ ਅਰਧ-ਹਾਈ ਸਪੀਡ ਟਰੇਨ ਹੋਵੇਗੀ। ਰੇਲਵੇ ਅਧਿਕਾਰੀਆਂ ਮੁਤਾਬਕ ਬੈਂਗਲੁਰੂ ਤੋਂ ਚੇਨਈ ਲਈ ਸ਼ਤਾਬਦੀ ਐਕਸਪ੍ਰੈਸ, ਬ੍ਰਿੰਦਾਵਨ ਐਕਸਪ੍ਰੈਸ ਅਤੇ ਚੇਨਈ ਮੇਲ ਵਰਗੀਆਂ ਕਈ ਟਰੇਨਾਂ ਹਨ। ਹਾਲਾਂਕਿ, ਇਸ ਲਾਈਨ ਦੀ ਸਪੀਡ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਆਪਣੇ ਆਪ ਵਿੱਚ ਇੱਕ ਵਿਲੱਖਣ ਰੇਲ ਹੋਵੇਗੀ।
ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਬੁੱਧਵਾਰ ਨੂੰ ਵਰਲਡ ਬੁੱਕ ਆਫ ਰਿਕਾਰਡਸ ਤੋਂ ਪ੍ਰਮਾਣ ਪੱਤਰ ਦੇ ਨਾਲ ਟਵੀਟ ਕਰਦੇ ਹੋਏ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਟੈਚੂ ਆਫ ਪਰੋਸਪੇਰਿਟੀ ਵਿਸ਼ਵ ਦੇ ਅਨੁਸਾਰ ਕਿਸੇ ਸ਼ਹਿਰ ਦੇ ਸੰਸਥਾਪਕ ਦੀ ਪਹਿਲੀ ਅਤੇ ਸਭ ਤੋਂ ਉੱਚੀ ਕਾਂਸੀ ਦੀ ਮੂਰਤੀ ਹੈ।
ਪ੍ਰਧਾਨ ਮੰਤਰੀ ਨੇ ਅੱਜ ਨਾਦਪ੍ਰਭੂ ਕੇਮਪੇਗੌੜਾ (Kempegowda) ਦੀ 108 ਫੁੱਟ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ। ਵਰਲਡ ਬੁੱਕ ਆਫ਼ ਰਿਕਾਰਡਜ਼ ਦੇ ਅਨੁਸਾਰ, ਇਹ ਕਿਸੇ ਸ਼ਹਿਰ ਦੇ ਸੰਸਥਾਪਕ ਦੀ ਪਹਿਲੀ ਅਤੇ ਸਭ ਤੋਂ ਉੱਚੀ ਕਾਂਸੀ ਦੀ ਮੂਰਤੀ ਹੈ। ਇਸ ਨੂੰ ਖੁਸ਼ਹਾਲੀ ਦੀ ਮੂਰਤੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਬੰਗਲੌਰ ਦੇ ਵਿਕਾਸ ਲਈ ਸ਼ਹਿਰ ਦੇ ਸੰਸਥਾਪਕ ਕੇਮਪੇਗੌੜਾ ਦੇ ਯੋਗਦਾਨ ਨੂੰ ਯਾਦ ਕਰਨ ਲਈ ਬਣਾਇਆ ਗਿਆ ਹੈ।