ਚੰਡੀਗੜ੍ਹ 31 ਅਕਤੂਬਰ 2022: ਗੁਜਰਾਤ ਦੇ ਮੋਰਬੀ ‘ਚ ਪੁਲ (Morbi Bridge) ਟੁੱਟਣ ਕਾਰਨ ਹੁਣ ਤੱਕ 132 ਮੌਤਾਂ ਹੋ ਚੁੱਕੀਆਂ ਹਨ ਅਤੇ ਖਦਸ਼ਾ ਜਤਾਇਆ ਜਾ ਇਹ ਇਹ ਅੰਕੜਾ ਹੋਰ ਵਧ ਸਕਦਾ ਹੈ । ਇਹ ਜਾਣਕਾਰੀ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਦਿੱਤੀ। ਰਾਜਕੋਟ ਦੇ ਜ਼ਿਲ੍ਹਾ ਕੁਲੈਕਟਰ ਅਰੁਣ ਮਹੇਸ਼ ਬਾਬੂ ਨੇ ਦੱਸਿਆ ਕਿ ਐਸਡੀਆਰਐਫ ਦੀਆਂ ਦੋ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ। ਇਸ ਤੋਂ ਇਲਾਵਾ ਭਾਰਤੀ ਸੈਨਾ, ਏਅਰਫੋਰਸ, ਫਾਇਰ ਡਿਪਾਰਟਮੈਂਟ ਅਤੇ ਨਗਰ ਨਿਗਮ ਦੀਆਂ ਟੀਮਾਂ ਵੀ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ।
ਇਸਦੇ ਨਾਲ ਹੀ ਮੋਰਬੀ ਪੁਲ ਹਾਦਸੇ ਦੇ ਮਾਮਲੇ ‘ਚ ਕੇਬਲ ਬ੍ਰਿਜ ਮੇਨਟੇਨੈਂਸ ਕੰਪਨੀ ਖਿਲਾਫ ਐੱਫ.ਆਈ.ਆਰ. ਕੰਪਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308 ਅਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੇ ਆਈਜੀਪੀ ਰੇਂਜ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 132 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੋਰਬੀ ‘ਚ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਗੁਜਰਾਤ ਦੇ ਮੋਰਬੀ ‘ਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਕੱਲ੍ਹ ਵਾਪਰੇ ਹਾਦਸੇ ਵਿੱਚ ਕਈ ਜਣਿਆਂ ਦੀ ਜਾਨ ਚਲੀ ਗਈ। ਸਭ ਤੋਂ ਪਹਿਲਾਂ ਮੈਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਹਨਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।
ਮੋਰਬੀ ਵਿੱਚ ਹੋਏ ਹਾਦਸੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਦਰਅਸਲ, ਪ੍ਰਧਾਨ ਮੰਤਰੀ ਮੋਦੀ ਗੁਜਰਾਤ ਅਤੇ ਰਾਜਸਥਾਨ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਸੋਮਵਾਰ ਨੂੰ ਅਹਿਮਦਾਬਾਦ ‘ਚ ਹੋਣ ਵਾਲਾ ਉਨ੍ਹਾਂ ਦਾ ਰੋਡ ਸ਼ੋਅ ਹਾਦਸੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਭਾਜਪਾ ਗੁਜਰਾਤ ਮੀਡੀਆ ਸੈੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਰਚੁਅਲ ਮੌਜੂਦਗੀ ‘ਚ ਹੋਣ ਵਾਲੇ ਸਨੇਹ ਮਿਲਨ ਪ੍ਰੋਗਰਾਮ ਨੂੰ ਵੀ ਪੇਜ ਕਮੇਟੀ ਨੇ ਮੁਲਤਵੀ ਕਰ ਦਿੱਤਾ ਹੈ। ਮੀਡੀਆ ਕੋਆਰਡੀਨੇਟਰ ਡਾ. ਯਾਗਨੇਸ਼ ਦਵੇ ਅਨੁਸਾਰ ਮੋਰਬੀ ਦੁਖਾਂਤ ਦੇ ਮੱਦੇਨਜ਼ਰ ਸੋਮਵਾਰ ਨੂੰ ਕੋਈ ਪ੍ਰੋਗਰਾਮ ਨਹੀਂ ਹੋਵੇਗਾ। ਹਾਲਾਂਕਿ, 2,900 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਨੂੰ ਸਮਰਪਿਤ ਕਰਨ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ।