ਪੱਕਾ ਮੋਰਚਾ ਜੇਤੂ ਰੈਲੀ

ਕਿਸਾਨਾਂ ਨੇ ਮੁੱਖ ਮੰਤਰੀ ਰਿਹਾਇਸ਼ ਅੱਗੇ ਲੱਗਾ ਪੱਕਾ ਮੋਰਚਾ ਜੇਤੂ ਰੈਲੀ ਨਾਲ ਕੀਤਾ ਸਮਾਪਤ

ਸੰਗਰੂਰ 29 ਅਕਤੂਬਰ 2022: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸਮੁੱਚੇ ਝੋਨੇ ਦਾ ਦਾਣਾ ਦਾਣਾ ਐਮ ਐਸ ਪੀ ਤੇ ਖ਼ਰੀਦਣਾ ਯਕੀਨੀ ਬਣਾਉਣ, ਐਮ ਐਸ ਪੀ ਤੋਂ ਘੱਟ ਰੇਟ ‘ਤੇ ਖਰੀਦੀ ਮੂੰਗੀ ਦੀ ਫ਼ਸਲ ਦੀ ਰਹਿੰਦੀ ਅਦਾਇਗੀ 15 ਦਿਨਾਂ ਚ ਮੁਕੰਮਲ ਕਰਨ, ਕੁਦਰਤੀ ਆਫ਼ਤਾਂ ਤੇ ਬਿਮਾਰੀਆਂ ਨਾਲ ਤਬਾਹ ਹੋਈਆਂ ਸਭ ਫਸਲਾਂ ਦਾ ਸਮੁੱਚਾ ਮੁਆਵਜ਼ਾ 30 ਨਵੰਬਰ ਤੱਕ ਵੰਡਣ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਕਿਸੇ ਕਿਸਮ ਦੀ ਸਖ਼ਤੀ ਨਾ ਕਰਨ ਅਤੇ ਪਿਛਲੇ ਸਾਲਾਂ ਦੌਰਾਨ ਦਰਜ ਕੇਸ ਵਾਪਿਸ ਲੈਣ ਸਮੇਤ ਕਿਸਾਨ ਮੋਰਚੇ ਦੀਆਂ ਕਈ ਹੋਰ ਅਹਿਮ ਮੰਗਾਂ ਸਮਾਂ-ਬੱਧ ਢੰਗ ਨਾਲ ਲਾਗੂ ਕਰਨ ਦਾ ਲਿਖਤੀ ਭਰੋਸਾ ਮਿਲਣ ਉਪਰੰਤ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੁੱਖ ਮੰਤਰੀ  ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ ਚੱਲ ਰਿਹਾ ਘਿਰਾਓ ਅਤੇ ਪੱਕਾ ਮੋਰਚਾ ਅੱਜ 21ਵੇਂ ਦਿਨ ਜੇਤੂ ਰੈਲੀ ਕਰਕੇ ਉਠਾ ਦਿੱਤਾ ਗਿਆ।

ਵਰਨਣਯੋਗ ਹੈ ਕਿ ਇਹਨਾਂ ਮੰਗਾਂ ਉੱਪਰ ਲਿਖਤੀ ਸਹਿਮਤੀ ਬੀਤੇ ਕੱਲ੍ਹ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਸੂਬਾਈ ਆਗੂਆਂ ਨਾਲ਼ ਕੀਤੀ ਮੀਟਿੰਗ ਉਪਰੰਤ ਬਣੀ ਸੀ। ਜਿਸਦਾ ਲਿਖਤੀ ਰੂਪ ਅੱਜ ਵਿਸ਼ਾਲ ਇਕੱਠ ਚ ਸਟੇਜ ਦੇ ਉੱਪਰ ਲੈ ਕੇ ਐਸ ਡੀ ਐਮ ਸੰਗਰੂਰ ਪਹੁੰਚੇ। ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, 1-1 ਜੀ ਨੂੰ ਪੱਕੀ ਨੌਕਰੀ ਅਤੇ ਸਾਰਾ ਕਰਜ਼ਾ ਖ਼ਤਮ ਕਰਨ ਦੀ ਮੰਗ ਇੱਕ ਚੈੱਕ ਅੱਜ ਸਟੇਜ ਉੱਤੇ ਭੇਂਟ ਕਰਨ ਅਤੇ ਬਾਕੀ ਕਿਸਾਨਾਂ ਦੇ ਭੋਗ ਸਮਾਗਮਾਂ ਤੱਕ ਦੇਣ ਦਾ ਐਲਾਨ ਕਰਨ ਰਾਹੀਂ ਮੰਨੀ ਗਈ।

ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਵੇਂ ਇਹ ਮੰਗਾਂ 7 ਅਕਤੂਬਰ ਨੂੰ ਹੀ ਮੰਨ ਲਈਆਂ ਸੀ ਪਰ ਇਹਨਾਂ ਨੂੰ ਲਿਖਤੀ ਰੂਪ ਚ ਹਾਸਲ ਕਰਨ ਲਈ ਹੀ 21 ਦਿਨ ਮੋਰਚਾ ਲਾਉਣਾ ਸਾਬਤ ਕਰਦਾ ਹੈ ਕਿ ਆਪ ਦੀ ਸਰਕਾਰ ਵੀ ਸਾਮਰਾਜ ਪੱਖੀ ਨੀਤੀਆਂ ‘ਤੇ ਚਲਦਿਆਂ ਪਹਿਲੀਆਂ ਰਵਾਇਤੀ ਪਾਰਟੀਆਂ ਵਾਂਗ ਹੀ ਲਾਰੇ ਲਾ ਕੇ ਕਿਸਾਨਾਂ ਨੂੰ ਵਰਚਾਉਣ ਦੀ ਨੀਤੀ ‘ਤੇ ਚੱਲ ਰਹੀ ਹੈ ਜਿਸਨੂੰ ਮੋਰਚੇ ‘ਚ ਡਟੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਦੇ ਸਿਰੜੀ ਇਰਾਦਿਆਂ ਦੇ ਜ਼ੋਰ ਭਵਾਟਣੀ ਦਿੱਤੀ ਗਈ ਹੈ।

26 ਨਵੰਬਰ ਨੂੰ ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ ‘ਤੇ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ

ਉਹਨਾਂ ਇਸ ਜਿੱਤ ਤੋਂ ਉਤਸ਼ਾਹ ਤੇ ਪ੍ਰੇਰਣਾ ਲੈਕੇ ਮੋਦੀ ਸਰਕਾਰ ਨਾਲ ਸਬੰਧਤ ਭਖਦੀਆਂ ਮੰਗਾਂ ‘ਤੇ ਆਉਂਦੇ ਸਮੇਂ ਚ ਮੁਲਕ ਵਿਆਪੀ ਸਖਤ ਜਾਨ ਸੰਘਰਸ਼ ਦੀਆਂ ਤਿਆਰੀਆਂ ਲਈ ਕਮਰਕੱਸੇ ਕਰਨ ਦਾ ਐਲਾਨ ਕੀਤਾ। ਉਹਨਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਮੁਤਾਬਕ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਦੂਜੀ ਸਾਲਗਿਰਹਾ ਮੌਕੇ ਮੁਲਕ ਭਰ ਵਿੱਚ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਪੰਜਾਬ ਵਿੱਚ ਮਿਸਾਲੀ ਬਨਾਉਣ ਦਾ ਸੱਦਾ ਦਿੱਤਾ।

ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਆਪਣੇ ਸੰਬੋਧਨ ਦੌਰਾਨ ਮੰਗਾਂ ਲਾਗੂ ਕਰਨ ਦੇ ਲਿਖਤੀ ਵਾਅਦਿਆਂ ਨੂੰ ਅਮਲੀ ਰੂਪ ਚ ਲਾਗੂ ਕਰਾਉਣ ਅਤੇ ਮੋਦੀ ਹਕੂਮਤ ਦੀਆਂ ਸਾਮਰਾਜ ਪੱਖੀ ਕਿਸਾਨ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਹਰ ਕਿਸਮ ਦੀ ਫਿਰਕਾਪ੍ਰਸਤ , ਜਾਤਪਾਤੀ ਤੇ ਹੋਰਨਾਂ ਵੰਡੀਆਂ ਤੋਂ ਉੱਪਰ ਉੱਠ ਕੇ ਪਿੰਡ ਪਿੰਡ ਵਿਸ਼ਾਲ ਕਿਸਾਨ ਮਜ਼ਦੂਰ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ।

ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸੰਬੋਧਨ ਦੌਰਾਨ ਕਿਹਾ ਕਿ ਮੌਜੂਦਾ ਮੰਗਾਂ ਲਾਗੂ ਕਰਾਉਣ ਦਾ ਸਿੱਧਾ ਸਬੰਧ ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਹੱਥ ਜਾਣ ਤੋਂ ਰੋਕਣ ਨਾਲ ਬਣਦਾ ਹੈ। ਦਿਓ ਕੱਦ ਕੰਪਨੀਆਂ ਵੱਲੋਂ ਪਾਣੀ ਹਵਾ ਦਾ ਬੇਹਿਸਾਬਾ ਪ੍ਰਦੂਸ਼ਣ ਰੋਕਣ ਨਾਲ ਬਣਦਾ ਹੈ। ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਸੰਗਰੂਰ ਮੋਰਚੇ ‘ਚ ਦਿੱਲੀ ਮੋਰਚੇ ਵਾਂਗ ਔਰਤਾਂ ਦੀ ਵਿਸ਼ਾਲ ਸ਼ਮੂਲੀਅਤ ‘ਤੇ ਤਸੱਲੀ ਜ਼ਾਹਰ ਕਰਦਿਆਂ ਖੇਤੀ ਕਿੱਤੇ ਨੂੰ ਬਚਾਉਣ ਲਈ ਸੰਘਰਸ਼ਾਂ ਚ ਔਰਤਾਂ ਦੀ ਹਰ ਪੱਧਰ ‘ਤੇ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ।

ਜ਼ੀਰਾ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ

ਭਰਾਤਰੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਸਾਨਾਂ ਮਜ਼ਦੂਰਾਂ ਦੀ ਪੁੱਗਤ ਸਥਾਪਤੀ ਲਈ ਸਾਮਰਾਜ ਤੇ ਜਗੀਰੂ ਲੁੱਟ ਤੋਂ ਮੁਕਤੀ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ‘ਤੇ ਪਹਿਰਾ ਦੇਣ ਲਈ ਮਜ਼ਦੂਰਾਂ ਕਿਸਾਨਾਂ ਦੀ ਸਾਂਝੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੂਬਾ ਸਰਕਾਰ ਵੱਲੋਂ ਮੰਨੀਆਂ ਮੰਗਾਂ ਦਾ ਵਿਸਥਾਰ ਬਿਆਨਦਿਆਂ ਦੱਸਿਆ ਕਿ ਸਰਕਾਰ ਨੇ ਪ੍ਰਵਾਨ ਕੀਤਾ ਹੈ ਕਿ ਪੰਜਾਬ ਦਾ ਨਹਿਰੀ ਢਾਂਚਾ ਮਾੜੀ ਹਾਲਤ ਵਿੱਚ ਹੈ ਜਿਸਨੂੰ 31 ਜਨਵਰੀ ਤੱਕ ਨਵਿਆਉਣ ਦੀ ਲਿਖਤੀ ਸਹਿਮਤੀ ਦਿੱਤੀ ਗਈ ਹੈ, ਜੀਰਾ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਫੈਕਟਰੀ ਬੰਦ ਕਰਨ ਦੀ ਮੰਗ ਉਤੇ ਸਹਿਮਤੀ ਜ਼ਾਹਰ ਕਰਦਿਆਂ ਇਸਦੇ ਹੱਲ ਤੱਕ ਫੈਕਟਰੀ ਅੱਗੇ ਚੱਲ ਰਹੇ ਮੋਰਚੇ ਉਤੇ ਕਿਸੇ ਕਿਸਮ ਦੀ ਸਖ਼ਤੀ ਨਾ ਕਰਨ ਦਾ ਭਰੋਸਾ ਦਿੱਤਾ ਗਿਆ।

ਭਾਰਤਮਾਲਾ ਪ੍ਰਜੈਕਟ ਤਹਿਤ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਸਬੰਧੀ ਫੈਸਲਾ ਕਿਸਾਨਾਂ ਦੀ ਤਸੱਲੀ ਮੁਤਾਬਕ ਕਰਨ ਤੇ ਉਦੋਂ ਤੱਕ ਕੋਈ ਵੀ ਕੰਮ ਸ਼ੁਰੂ ਨਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਲੰਪੀ ਸਕਿਨ ਕਾਰਨ ਮਰੀਆਂ ਗਾਵਾਂ ਦਾ ਮੁਆਵਜ਼ਾ ਦੇਣ ਸਬੰਧੀ ਵੀ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ। ਸਟੇਜ ਵੱਲੋਂ ਪੰਜਾਬ ਸਰਕਾਰ ਦੁਆਰਾ ਜੀ ਐਮ ਸਰ੍ਹੋਂ ਨੂੰ ਪ੍ਰਵਾਨਗੀ ਦੇ ਕੇ ਕਾਰਪੋਰੇਟ ਸਾਮਰਾਜੀ ਘਰਾਣਿਆਂ ਦਾ ਕਬਜ਼ਾ ਸਰ੍ਹੋਂ ਦੀ ਖੇਤੀ ਉੱਤੇ ਕਰਵਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕਰਨ ਅਤੇ ਇਹ ਫੈਸਲਾ ਰੱਦ ਦੀ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਪੂਰੇ ਪੰਡਾਲ ਵੱਲੋਂ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। ਅੱਜ ਦੇ ਇਕੱਠ ਵਿੱਚ ਹਮਾਇਤੀ ਕਾਫ਼ਲਿਆਂ ਸਮੇਤ ਸ਼ਾਮਲ ਹੋਏ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਜਗਰੂਪ ਸਿੰਘ ਲਹਿਰਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਕੈਪਟਨ ਪ੍ਰਗਟ ਸਿੰਘ ਜੀ ਓ ਜੀ ਅਤੇ ਗੁਰਤੇਜ ਸਿੰਘ ਰਾਣਾ ਜੇ ਸੀ ਬੀ ਯੂਨੀਅਨ ਨਾਭਾ ਦਾ ਸਟੇਜ ਵੱਲੋਂ ਧੰਨਵਾਦ ਕੀਤਾ ਗਿਆ।

Scroll to Top