Government colleges

ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ ਨੂੰ ਮਜ਼ਬੂਤ ਕੀਤਾ ਜਾਵੇਗਾ: ਮੀਤ ਹੇਅਰ

ਚੰਡੀਗੜ੍ਹ 28 ਅਕਤੂਬਰ 2022: ਉੱਚ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ (Government colleges) ਦੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਗੱਲ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਸੈਕਟਰ 26 ਸਥਿਤ ਮੈਗਸੀਪਾ ਵਿਖੇ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਦੌਰਾਨ ਕਹੀ।

ਮੀਤ ਹੇਅਰ ਨੇ ਕਿਹਾ ਕਿ ਸਰਕਾਰੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਰਕਾਰੀ ਕਾਲਜਾਂ ਵਿੱਚ ਉਦਯੋਗਾਂ ਦੀਆਂ ਮੌਜੂਦਾ ਲੋੜਾਂ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਅਤੇ ਰੋਜ਼ਗਾਰ ਮੁਖੀ ਸਿੱਖਿਆ ਉਤੇ ਧਿਆਨ ਦੇਣ ਲਈ ਜ਼ੋਰ ਦਿੱਤਾ। ਉਨ੍ਹਾਂ ਨਵੇਂ ਖੋਲ੍ਹੇ ਗਏ ਕਾਲਜਾਂ ਦੀ ਸਮੀਖਿਆ ਕਰਦਿਆਂ ਵਿਦਿਆਰਥੀਆਂ ਦੀ ਗਿਣਤੀ ਦਾ ਵੀ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਵਿੱਚ ਸਰਕਾਰੀ ਕਾਲਜਾਂ ਵਿੱਚ ਦਾਖਲੇ ਹੋਰ ਵਧਾਉਣ ਉਤੇ ਜ਼ੋਰ ਦਿੱਤਾ ਜਾਵੇ। ਇਸ ਵਿਦਿਅਕ ਸੈਸ਼ਨ 2022-23 ਵਿੱਚ ਪਿਛਲੇ ਸੈਸ਼ਨ 2021-22 ਨਾਲੋਂ ਦਾਖਲਿਆਂ ਵਿੱਚ ਵਾਧਾ ਹੋਇਆ।

ਉਚੇਰੀ ਸਿੱਖਿਆ ਮੰਤਰੀ ਨੇ ਪ੍ਰਿੰਸੀਪਲਾਂ ਕੋਲੋਂ ਕਾਲਜਾਂ ਨੂੰ ਦਰਪੇਸ ਸਮੱਸਿਆਵਾਂ ਅਤੇ ਮੰਗਾਂ ਵੀ ਸੁਣੀਆਂ। ਇਸ ਤੋਂ ਇਲਾਵਾ ਉੱਚ ਸਿੱਖਿਆ ਵਿੱਚ ਸੁਧਾਰਾਂ ਲਈ ਫੀਡਬੈਕ ਵੀ ਹਾਸਲ ਕੀਤੀ। ਉਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੀਟਿੰਗਾਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਪ੍ਰਿੰਸੀਪਲਾਂ ਦੇ ਨੁਮਾਇੰਦਿਆਂ ਨੇ ਸੂਬਾ ਸਰਕਾਰ ਵੱਲੋਂ ਯੂਨੀਵਰਸਿਟੀ-ਕਾਲਜ ਟੀਚਰਾਂ ਨੂੰ ਯੂ.ਜੀ.ਸੀ. ਤਨਖਾਹ ਕਮਿਸ਼ਨ ਦੇਣ ਲਈ ਉਚੇਰੀ ਸਿੱਖਿਆ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਅਤੇ ਡੀ.ਪੀ.ਆਈ. (ਕਾਲਜਾਂ) ਰਾਜੀਵ ਗੁਪਤਾ ਨੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਵਿਕਾਸ ਸਕੀਮਾਂ ਦੀ ਕਾਰਜ ਯੋਜਨਾ ਉਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਬੁਨਿਆਈ ਢਾਂਚੇ ਦੀਆਂ ਲੋੜਾਂ ਵੀ ਪੁੱਛੀਆਂ।

Scroll to Top