Bhagwant Mann

ਦੇਸ਼ ‘ਚ ਸਿਆਸੀ ਬਦਲਾਅ ਲਿਆਉਣ ਲਈ ‘ਆਪ’ ਵੱਲ ਦੇਖ ਰਹੇ ਨੇ ਲੋਕ: CM ਭਗਵੰਤ ਮਾਨ

ਚੰਡੀਗੜ੍ਹ 26 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਦੇਸ਼ ਭਰ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ ਅਤੇ ਗੁਜਰਾਤ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਲੋਕ ਇਸ ਬਦਲਾਅ ਦੇ ਭਾਈਵਾਲ ਬਣਨ ਲਈ ਕਾਹਲੇ ਹਨ। ਵਿਧਾਨ ਸਭਾ ਹਲਕਾ ਆਦਮਪੁਰ (ਹਰਿਆਣਾ) ਵਿੱਚ ‘ਆਪ’ ਉਮੀਦਵਾਰ ਸਤਿੰਦਰ ਸਿੰਘ ਦੇ ਹੱਕ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਉਤੇ ਵਿਸ਼ਵਾਸ ਕਰ ਕੇ ਵੋਟਾਂ ਪਾਈਆਂ, ਅਸੀਂ ਇਸ ਵਿਸ਼ਵਾਸ ਨੂੰ ਟੁੱਟਣ ਨਹੀਂ ਦਿਆਂਗੇ। ਉਨ੍ਹਾਂ ਕਿਹਾ ਕਿ ਹੁਣ ਵਾਰੀ ਹਰਿਆਣਾ ਦੀ ਹੈ ਅਤੇ ਹਰਿਆਣਾ ਵਿੱਚ ਇਸ ਬਦਲਾਅ ਦਾ ਮੁੱਢ ਆਦਮਪੁਰ ਹਲਕੇ ਤੋਂ ਬੱਝੇਗਾ। ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕ ਜੇ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਤੇ ਵਧੀਆ ਪ੍ਰਸ਼ਾਸਨ ਚਾਹੁੰਦੇ ਹਨ ਤਾਂ ਸਾਡੇ ਉਤੇ ਵਿਸ਼ਵਾਸ ਕਰਨ ਅਤੇ ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਸ਼ੁਰੂ ਕੀਤਾ ‘ਮੁਹੱਲਾ ਕਲੀਨਿਕਾਂ’ ਦਾ ਕ੍ਰਾਂਤੀਕਾਰੀ ਕਦਮ ਹੁਣ ਪੰਜਾਬ ਵਿੱਚ ‘ਆਮ ਆਦਮੀ ਕਲੀਨਿਕਾਂ’ ਦੇ ਰੂਪ ਵਿੱਚ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜ ਰਿਹਾ ਹੈ ਅਤੇ ਹਰ ਰੋਜ਼ ਸੈਂਕੜੇ ਲੋਕ ਇਨ੍ਹਾਂ ਕਲੀਨਿਕਾਂ ਰਾਹੀਂ ਮੁਫ਼ਤ ਡਾਕਟਰੀ ਤੇ ਮੈਡੀਕਲ ਟੈਸਟਾਂ ਦੀ ਸਹੂਲਤ ਦਾ ਲਾਭ ਉਠਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਦੀ ਪੂਰੀ ਦੁਨੀਆ ਵਿੱਚ ਧਾਂਕ ਜੰਮੀ ਹੋਈ ਹੈ ਅਤੇ ਹੁਣ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਤਬਦੀਲੀ ਦੀਆਂ ਬਰੂਹਾਂ ਉਤੇ ਹੈ ਅਤੇ ਲੋਕ ਤਬਦੀਲੀ ਲਈ ਕਾਂਗਰਸ ਤੇ ਭਾਜਪਾ ਤੋਂ ਅੱਗੇ ਜਾ ਕੇ ਹੋਰ ਸਿਆਸੀ ਬਦਲਾਅ ਵੱਲ ਦੇਖ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਸਿਆਸੀ ਤਬਦੀਲੀ ਦਾ ਮੁੱਢ ਗੁਜਰਾਤ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਤੋਂ ਬੱਝੇਗਾ ਅਤੇ ਚੋਣਾਂ ਵਿੱਚ ਜਿੱਤ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਸਿੱਖਿਆ ਤੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਰਾਹੀਂ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਨੀਤੀਆਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ, ਜਿਹੜੀ 2004 ਵਿੱਚ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ (ਡੀ.ਏ.) ਦੇ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਰੇਕ ਬਿਜਲੀ ਬਿੱਲ ਉਤੇ 600 ਯੂਨਿਟਾਂ ਦੀ ਮੁਆਫ਼ੀ ਦਿੱਤੀ ਗਈ ਹੈ। ਇਸ ਨਾਲ ਤਕਰੀਬਨ 50 ਲੱਖ ਦੇ ਕਰੀਬ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ।

Scroll to Top