July 1, 2024 2:08 am
Meet Hayer

ਜੇਕਰ ਪੰਜਾਬ ‘ਚ ਇੰਡਸਟਰੀ ਆਵੇਗੀ ਤਾਂ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ: ਮੀਤ ਹੇਅਰ

ਪਟਿਆਲਾ 18 ਅਕਤੂਬਰ 2022: ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅੱਜ ਪਟਿਆਲਾ ਦੇ ਹਲਕਾ ਸਮਾਣਾ ਦੇ ਪਬਲਿਕ ਕਾਲਜ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਜਲਦ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਦਾ ਦਰਜਾ ਪ੍ਰਦਾਨ ਕਰੇਗੀ | ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਨੌਜਵਾਨਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ।

ਉਨ੍ਹਾਂ ਕਿਹਾ ਕਿ ਪਰਿਵਾਰਵਾਦ ਦੀ ਰਾਜਨੀਤੀ ਤੋਂ ਦੁਖੀ ਨੌਜਵਾਨਾਂ ਨੇ ਰਾਜ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ, ਜਿਸ ਲਈ ਸਾਡੀ ਸਰਕਾਰ ਨੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਸਾਢੇ 18 ਹਜ਼ਾਰ ਨੌਕਰੀਆਂ, ਕੱਚੇ ਮੁਲਾਜਮ ਪੱਕੇ ਅਤੇ ਸੂਬੇ ਵਿਚ ਨਿਵੇਸ਼ ਲਈ ਸੁਖਾਵਾਂ ਮਾਹੌਲ ਸਿਰਜਿਆ ਹੈ, ਜਿਸ ਕਰਕੇ ਟਾਟਾ ਨੇ ਵੀ 2600 ਕਰੋੜ ਰੁਪਏ ਦਾ ਨਿਵੇਸ਼ ਕੀਤਾ |

ਮੀਤ ਹੇਅਰ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਪਿਛਲੀਆਂ ਸਰਕਾਰਾਂ ਨੇ ਸ਼ਰਾਬ ਰੇਤਾ ਟਰਾਂਸਪੋਰਟ ਅਤੇ ਅਨੇਕਾਂ ਮਾਫੀਆ ਕਾਇਮ ਕਰਕੇ ਆਪਣੇ ਘਰ ਭਰੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ ‘ਤੇ ਚੱਲਦੇ ਹੋਏ ਲੋਕਾਂ ਨੂੰ ਹਰੇਕ ਸਹੂਲਤਾਂ ਪ੍ਰਦਾਨ ਕਰ ਰਹੀ ਹੈ |