ਚੰਡੀਗੜ੍ਹ 17 ਅਕਤੂਬਰ 2022: ਕਾਂਗਰਸ (Congress) ਦੇ ਕੌਮੀ ਪ੍ਰਧਾਨ ਦੀ ਚੋਣ ਲਈ ਅੱਜ ਸਵੇਰੇ 10 ਵਜੇ ਤੋਂ ਵੋਟਿੰਗ ਚੱਲ ਰਹੀ ਹੈ ਜੋ ਕਿ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੀ ਵੋਟ ਪਾਈ। ਤਸਵੀਰ ਸ਼ੇਅਰ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਲਿਖਿਆ, “ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਆਲ ਇੰਡੀਆ ਕਾਂਗਰਸ ਪ੍ਰਧਾਨ ਦੀ ਚੋਣ ਲਈ ਆਪਣੀ ਵੋਟ ਪਾਈ । ਇਸਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਸਮੇਤ ਕਈ ਲੀਡਰਾ ਨੇ ਕਾਗਰਸ ਪ੍ਰਧਾਨ ਦੀ ਚੋਣ ਲਈ ਆਪਣੀ ਵੋਟ ਭੁਗਤਾਈ ਹੈ |
ਦੱਸ ਦਈਏ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਆਹਮੋ-ਸਾਹਮਣੇ ਹਨ। ਇਨ੍ਹਾਂ ਚੋਣਾਂ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਪਾਰਟੀ ਦਾ ਪ੍ਰਧਾਨ ਬਣੇਗਾ। ਰਾਜ ਕਾਂਗਰਸ ਕਮੇਟੀਆਂ (ਪੀਸੀਸੀ) ਦੇ 9,000 ਤੋਂ ਵੱਧ ਨੁਮਾਇੰਦੇ ਗੁਪਤ ਮਤਦਾਨ ਰਾਹੀਂ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰ ਰਹੇ ਹਨ, ਜਦੋਂ ਕਿ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਅਤੇ ਦੇਸ਼ ਭਰ ਦੇ 65 ਤੋਂ ਵੱਧ ਕੇਂਦਰਾਂ ‘ਤੇ ਵੋਟਿੰਗ ਹੋ ਰਹੀ ਹੈ।