ਚੰਡੀਗੜ੍ਹ 15 ਅਕਤੂਬਰ 2022: ਭਾਰਤੀ ਫੌਜ ਨੇ ਅਗਨੀਵੀਰ (Agniveer) ਤਨਖਾਹ ਪੈਕੇਜ ਲਈ 11 ਬੈਂਕਾਂ ਨਾਲ ਇਤਿਹਾਸਕ ਸਮਝੌਤਾ ਕੀਤਾ ਹੈ। ਜਿਨ੍ਹਾਂ 11 ਬੈਂਕਾਂ ਨਾਲ ਇਹ ਸਮਝੌਤਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ, ਆਈ.ਡੀ.ਬੀ.ਆਈ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਐੱਚ.ਡੀ.ਐੱਫ.ਸੀ ਬੈਂਕ, ਐਕਸਿਸ ਬੈਂਕ, ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਆਈ.ਡੀ.ਐੱਫ.ਸੀ. ਫਸਟ ਬੈਂਕ ਅਤੇ ਬੰਧਨ ਬੈਂਕ ਸ਼ਾਮਲ ਹਨ।
ਇਹ ਬੈਂਕ ਅਗਨੀਵੀਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਗੇ। ਐਮਓਯੂ ‘ਤੇ ਲੈਫਟੀਨੈਂਟ ਜਨਰਲ ਵੀ ਸ਼੍ਰੀਹਰੀ, ਡੀਜੀ (ਏਪੀ ਐਂਡ ਪੀਐਸ) ਅਤੇ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਹਸਤਾਖਰ ਕੀਤੇ ਗਏ ਸਨ। ਇਸ ਕੰਮ ਲਈ ਇੱਕ ਸਮਾਗਮ 14 ਅਕਤੂਬਰ 2022 ਨੂੰ ਭਾਰਤੀ ਫੌਜ ਦੇ ਐਡਜੂਟੈਂਟ ਜਨਰਲ ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ ਸੀ।
ਅਗਨੀਵੀਰ ਤਨਖ਼ਾਹ ਪੈਕੇਜ ਦੇ ਤਹਿਤ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਲਾਭ ਰੱਖਿਆ ਤਨਖ਼ਾਹ ਪੈਕੇਜ ਦੇ ਸਮਾਨ ਹਨ। ਇਸ ਤੋਂ ਇਲਾਵਾ, ਬੈਂਕ ਅਗਨੀਵੀਰਾਂ ਦੇ ਉੱਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਨਰਮ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ। ਦੱਸ ਦਈਏ ਕਿ ਅਗਨੀਪਥ ਯੋਜਨਾ ਦੇ ਤਹਿਤ, ਅਗਨੀਪਥ ਦਾ ਪਹਿਲਾ ਬੈਚ ਜਨਵਰੀ 2023 ਤੱਕ ਸਿਖਲਾਈ ਕੇਂਦਰਾਂ ਵਿੱਚ ਸ਼ਾਮਲ ਹੋਵੇਗਾ।