ਐਸ.ਏ.ਐਸ.ਨਗਰ 12 ਅਕਤੂਬਰ 2022: ਸਰਕਾਰੀ ਕਾਲਜ ਡੇਰਾ ਬੱਸੀ (Government College Dera Bassi) ਵਿਖੇ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ‘ਮਹਿੰਦੀ ਲਗਾਉਣ’ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਕੁੱਲ 20 ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਦਿਆਰਥਣਾਂ ਨੇ ਵੱਖਰੇ ਵੱਖਰੇ ਅਤੇ ਕਈ ਤਰਾਂ ਦੇ ਨਮੂਨਿਆਂ ਦੀ ਮਹਿੰਦੀ ਲਗਾਈ।
ਇਸ ਮੁਕਾਬਲੇ ਦੀ ਜੱਜਮੈਂਟ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ, ਡਾ. ਸੁਜਾਤਾ ਕੌਸ਼ਲ, ਪ੍ਰੋ. ਰਵਿੰਦਰ ਸਿੰਘ ਨੇ ਕੀਤੀ। ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿਚੋਂ ਬੀ. ਕਾਮ. ਆਨਰਜ਼ ਸਮੈਸਟਰ ਪਹਿਲਾ ਦੀ ਵਿਦਿਆਰਥਣ ਮਾਨਸੀ ਨੇ ਪਹਿਲਾ, ਬੀ. ਕਾਮ. ਸਮੈਸਟਰ ਤੀਜਾ ਦੀ ਵਿਦਿਆਰਥਣ ਨੰਦਨੀ ਨੇ ਦੂਜਾ ਅਤੇ ਬੀ. ਏ. ਸਮੈਸਟਰ ਤੀਜਾ ਦੀ ਵਿਦਿਆਰਥਣ ਰੂਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਕਲਾ ਅਤੇ ਹੁਨਰ ਦੀ ਪ੍ਰਸੰਸਾ ਕਰਦਿਆਂ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਆਮੀ ਭੱਲਾ ਅਤੇ ਡਾ. ਸੁਮਿਤਾ ਕਟੋਚ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਇਸਦੇ ਨਾਲ ਹੀ ਬੀ. ਐੱਸ. ਸੀ. ਸਮੈਸਟਰ ਪੰਜਵਾਂ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਉਤਸ਼ਾਹਿਤ ਕਰਨ ਹਿਤ ਵਿਸ਼ੇਸ਼ ਇਨਾਮ ਦਿੱਤਾ ਗਿਆ। ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਵੱਲੋਂ ਇਨਾਮ ਵੀ ਦਿੱਤੇ ਗਏ। ਇਸ ਮੁਕਾਬਲੇ ਦਾ ਆਯੋਜਨ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਆਮੀ ਭੱਲਾ ਅਤੇ ਡਾ. ਸੁਮਿਤਾ ਕਟੋਚ ਦੇ ਯਤਨਾਂ ਨਾਲ ਕਰਵਾਇਆ ਗਿਆ।