ਅੰਮ੍ਰਿਤਸਰ 10 ਅਕਤੂਬਰ 2022: ਅੰਮ੍ਰਿਤਸਰ ਸ਼ਹਿਰ (Amritsar city) ਵਿੱਚ ਬਿਜਲੀ ਬੰਦ ਹੋਣ ਤੇ ਹਰੇਕ ਵਿਅਕਤੀ ਨੂੰ ਐੱਸ.ਐੱਮ.ਐੱਸ ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਇਸਨੂੰ ਸੂਚਨਾ ਰਾਹੀਂ ਕਿੰਨੇ ਤੋਂ ਕਿੰਨੇ ਵਜ਼ੇ ਤੱਕ ਬਿਜਲੀ ਬੰਦ ਰਹੇਗੀ ਬਾਰੇ ਵੀ ਦੱਸਿਆ ਜਾਵੇਗਾ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਬਿਜਲੀ ਮੰਤਰੀ ਪੰਜਾਬ ਨੇ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਇਸ ਸੇਵਾ ਦਾ ਆਰੰਭ ਕਰਨ ’ਤੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਹ ਪਹਿਲਾ ਪਾਇਲਟ ਪ੍ਰੋਜੈਕਟ ਬਟਾਲਾ ਸ਼ਹਿਰ ਵਿੱਚ ਇਸ ਦਾ ਟਰਾਇਲ ਸ਼ੁਰੂ ਕੀਤਾ ਗਿਆ ਸੀ। ਜਿਥੇ ਇਸ ਪ੍ਰੋਜੈਕਟ ਨੂੰ ਕਾਫ਼ੀ ਹੁੰਗਾਰਾ ਮਿਲਿਆ।
ਜਿਸ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰੀ ਇਲਾਕੇ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਆਉਂਦੇ ਅਗਲੇ 15 ਦਿਨਾਂ ਵਿੱਚ ਸ਼ਹਿਰ ਦਾ ਬਾਕੀ ਹਿੱਸਾ ਜੋ ਕਿ ਸਬ-ਅਰਬਨ ਸਰਕਲ ਵਿਚ ਆਉਂਦਾ ਹੈ ਉਨ੍ਹਾਂ ਨੂੰ ਵੀ ਇਸ ਸਕੀਮ ਵਿੱਚ ਜੋੜ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਵਿੱਚ 14 ਸਬ-ਸਟੇਸ਼ਨਾਂ ਤੋਂ ਚਲਦੇ ਲਗਭੱਗ 141 ਨੰਬਰ 11ਕੇ.ਵੀ. ਫੀਡਰ ਸ਼ਾਮਿਲ ਕੀਤੇ ਗਏ ਹਨ।
ਜਿਸ ਰਾਹੀਂ 2.27 ਲੱਖ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਵੀ ਸੇਵਾ ਦਾ ਸਿੱਧਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀ ਟੀਮ ਵਧਾਈ ਦੀ ਪਾਤਰ ਹੈ ਕਿਉਂਕਿ ਕਾਫ਼ੀ ਦਿਨਾਂ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਸੀ।ਇਸਦੇ ਨਾਲ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉਸੇ ਤਰ੍ਹਾਂ ਹੀ ਬਿਜਲੀ ਚੋਰੀ ਕਰਨ ਤੇ ਵੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਨਾਂ ਦੱਸਿਆ ਕਿ ਬਿਜਲੀ ਵਿਭਾਗ ਦੀਆਂ ਇਮਾਰਤਾਂ ਨੂੰ ਵੀ ਜਲਦ ਹੀ ਮੁਰੰਮਤ ਕੀਤਾ ਜਾਵੇਗਾ ਤਾਂ ਜੋ ਉਥੇ ਕੰਮ ਕਰਦੇ ਸਟਾਫ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।