ਵਿਜੀਲੈਂਸ ਬਿਊਰੋ

ਵਿਜੀਲੈਂਸ ਵਲੋਂ ਪੈਟਰੋਲ ਪੰਪ ਦੇ ਨਾਪ-ਤੋਲ ਦੀ ਜਾਂਚ ਕਰਨ ਬਦਲੇ 9000 ਰੁਪਏ ਰਿਸ਼ਵਤ ਲੈਂਦਾ ਲੀਗਲ ਮੀਟਰੋਲੋਜੀ ਇੰਸਪੈਕਟਰ ਗ੍ਰਿਫਤਾਰ

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਤਾਇਨਾਤ ਇਕ ਇੰਸਪੈਕਟਰ ਲੀਗਲ ਮੀਟਰੋਲੋਜੀ (ਵਜ਼ਨ ਅਤੇ ਮਾਪ) ਕਵਿੰਦਰ ਸਿੰਘ ਨੂੰ 9000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਕਵਿੰਦਰ ਸਿੰਘ ਨੂੰ ਅਕਾਲ ਪਰਿਵਾਰ ਪੈਟਰੋਲ ਪੰਪ ਬਠਿੰਡਾ ਦੇ ਮਾਲਕ ਕੰਵਰ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਇੰਸਪੈਕਟਰ ਸਾਲਾਨਾ ਵਜ਼ਨ ਅਤੇ ਮਾਪ ਦੇ ਨਿਰੀਖਣ ਸਬੰਧੀ ਪੈਟਰੋਲ ਪੰਪ ‘ਤੇ ਮਸ਼ੀਨਾਂ ਦੀ ਸਟੈਂਪਿੰਗ ਕਰਨ ਬਦਲੇ 9000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਉਕਤ ਮੁਲਜ਼ਮ ਨੇ ਪੰਪ ਦੇ ਕਰਮਚਾਰੀ ਨੂੰ ਆਪਣੀ ਗੱਡੀ ਵਿਚ 15 ਲੀਟਰ ਪੈਟਰੋਲ ਭਰਨ ਲਈ ਵੀ ਕਿਹਾ ਪਰ ਉਸ ਲਈ ਕੋਈ ਰਕਮ ਅਦਾ ਨਹੀਂ ਕੀਤੀ।

ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਟੀਮ ਨੇ ਉਕਤ ਦੋਸ਼ੀ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 9000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ, ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Scroll to Top