ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਵਿਚ ਅੱਜ ਮਾਨ ਸਰਕਾਰ ਵਲੋਂ ਪੇਸ਼ ਕੀਤੇ ਗਏ ਭਰੋਸੇਗੀ ਮਤੇ ‘ਤੇ ਵੋਟਿੰਗ ਹੋਈ | ਇਸ ਦੌਰਾਨ ਪੰਜਾਬ ਵਿਧਾਨ ਸਭਾ ‘ਚ ਮਾਨ ਸਰਕਾਰ ਦੇ ਭਰੋਸੇਗੀ ਮਤੇ ਦੇ ਸਮਰਥਨ ‘ਚ 93 ਵੋਟਾਂ ਪਈਆਂ ਹਨ | ਤੁਹਾਨੂੰ ਦੱਸ ਦੇਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਭਰੋਸੇਗੀ ਮਤੇ ‘ਤੇ ਬਹਿਸ ਹੋਈ ਅਤੇ ਭਾਰੀ ਹੰਗਾਮੇ ਤੋਂ ਬਾਅਦ ਕਾਂਗਰਸ ਨੇ ਵਾਕਆਊਟ ਕਰ ਦਿੱਤਾ |
ਮੁੱਖ ਮੰਤਰੀ ਨੇ ਕਿਹਾ ਕਿ ਭਰੋਸੇਗੀ ਮਤਾ ਇਸ ਲਈ ਲਿਆਂਦਾ ਗਿਆ ਸੀ ਕਿਉਂਕਿ ਲੋਕਾਂ ਨੇ ਪਾਰਟੀ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਲੋਕਾਂ ਨੇ ਸਾਡੀ ਪਾਰਟੀ ਨੂੰ ਜਿਤਾ ਕੇ ਸਾਡੇ ‘ਤੇ ਆਪਣਾ ਵਿਸ਼ਵਾਸ ਦਿਖਾਇਆ ਹੈ। ‘ਆਪ’ ਸਰਕਾਰ ਪੰਜਾਬੀਆਂ ਦਾ ਭਰੋਸਾ ਨਹੀਂ ਤੋੜੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਆ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰਖਵਾਇਆ ਜਾਵੇ |
ਇਸਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਗੈਂਗਸਟਰ ਇਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਨੇ ਹੀ ਪੈਦਾ ਕੀਤੇ ਹਨ, ਉਨ੍ਹਾਂ ਕਿਹਾ ਫ਼ਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ |