ਚੰਡੀਗੜ੍ਹ 29 ਸਤੰਬਰ 2022: ਜੰਮੂ-ਕਸ਼ਮੀਰ ਦੇ ਊਧਮਪੁਰ (Udhampur) ‘ਚ ਪਿਛਲੇ ਅੱਠ ਘੰਟੇ ਦੇ ਅੰਦਰ ਦੂਜਾ ਧਮਾਕਾ ਹੋਇਆ ਹੈ । ਇਸ ਦੌਰਾਨ ਏਡੀਜੀਪੀ ਮੁਕੇਸ਼ ਸਿੰਘ ਮੁਤਾਬਕ ਦੂਜਾ ਧਮਾਕਾ ਅੱਜ ਸਵੇਰੇ ਕਰੀਬ 6 ਵਜੇ ਬੱਸ ਦੇ ਅੰਦਰ ਹੋਇਆ ਹੈ । ਮੁਕੇਸ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 10 ਵਜੇ ਡੋਮੇਲ ਚੌਕ ਨੇੜੇ ਪੈਟਰੋਲ ਪੰਪ ‘ਤੇ ਖੜ੍ਹੀ ਬੱਸ ‘ਚ ਧਮਾਕਾ ਹੋਇਆ ਸੀ | ਠੀਕ ਉਸੇ ਤਰ੍ਹਾਂ ਦੂਜਾ ਧਮਾਕਾ ਅੱਜ ਸਵੇਰੇ ਕਰੀਬ 6 ਵਜੇ ਪੁਰਾਣੇ ਬੱਸ ਸਟੈਂਡ ਨੇੜੇ ਖੜ੍ਹੀ ਬੱਸ ‘ਚ ਹੋਇਆ ਹੈ ।
ਰਾਹਤ ਦੀ ਖ਼ਬਰ ਹੈ ਕਿ ਇਸ ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਧਮਾਕੇ ‘ਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਧਮਾਕੇ ਸਮੇਂ ਬੱਸ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ। ਇਸ ਕਾਰਨ ਧਮਾਕੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਡੀਆਈਜੀ ਸੁਲੇਮਾਨ ਚੌਧਰੀ ਨੇ ਦੱਸਿਆ ਕਿ ਧਮਾਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ।
ਦੂਜੇ ਪਾਸੇ ਮਾਹਿਰਾਂ ਦੀ ਟੀਮ ਇਸ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਊਧਮਪੁਰ (Udhampur) ਧਮਾਕਾ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ NIA ਦੇ ਉੱਚ ਅਧਿਕਾਰੀਆਂ ਦੀ ਇੱਕ ਟੀਮ ਜੰਮੂ-ਕਸ਼ਮੀਰ ਦੇ ਊਧਮਪੁਰ ਭੇਜੀ ਗਈ ਹੈ। ਟੀਮ ਵੱਲੋਂ ਸਥਾਨਕ ਪੁਲਿਸ ਤੋਂ ਧਮਾਕੇ ਸਬੰਧੀ ਸਾਰੇ ਦਸਤਾਵੇਜ਼ ਲੈਣ ਦੀ ਸੰਭਾਵਨਾ ਹੈ।