July 2, 2024 8:21 pm
JE

ਬਿਜਲੀ ਦਾ ਮੀਟਰ ਲਾਉਣ ਗਏ ਜੇ.ਈ. ‘ਤੇ ਡਾਂਗਾਂ-ਸੋਟਿਆਂ ਨਾਲ ਹਮਲਾ, ਪੁਲਿਸ ਵਲੋਂ ਮਾਮਲਾ ਦਰਜ

ਫਿਰੋਜ਼ਪੁਰ 21 ਸਤੰਬਰ 2022: ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਹੱਦੀ ਪਿੰਡ ਮਸਤਾ ਗੱਟੀ ਵਿਖੇ ਬਿਜਲੀ ਦਾ ਮੀਟਰ ਲਾਉਣ ਗਏ ਪਾਵਰਕਾਮ ਦੇ ਮਮਦੋਟ ਸਬ ਡਵੀਜ਼ਨ ਦੇ ਜੇ.ਈ. ਨੂੰ ਪਿੰਡ ਦੀਆਂ ਦੋ ਧਿਰਾਂ ਦੀ ਆਪਸੀ ਰੰਜਿਸ਼ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਬਿਜਲੀ ਦਾ ਮੀਟਰ ਲਾ ਕੇ ਵਾਪਸ ਮੁੜਦੇ ਸਮੇਂ ਪਿੰਡ ਦੇ ਕੁਝ ਲੋਕਾਂ ਨੇ ਉਕਤ ਜੇ ਈ ਨੂੰ ਘੇਰ ਕੇ ਡਾਂਗਾਂ ਸੋਟਿਆਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ |

ਇਸ ਹਮਲੇ ਵਿੱਚ ਜੇ.ਈ. ਦੇ ਸਿਰ ਵਿਚ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ| ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਮਮਦੋਟ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ | ਜਿੱਥੇ ਥਾਣਾ ਮਮਦੋਟ ਦੀ ਪੁਲਿਸ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਜੇ.ਈ. ਕਰਨੈਲ ਸਿੰਘ ਨੇ ਦੱਸਿਆ ਕਿ ਐੱਸਡੀਓ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹ ਅੱਜ ਬਾਅਦ ਦੁਪਹਿਰ ਮੀਟਰ ਲਾਉਣ ਲਈ ਉਕਤ ਪਿੰਡ ਵਿਚ ਗਿਆ ਸੀ ਜਿੱਥੇ ਇੱਕ ਧਿਰ ਨਾਲ ਆਪਸੀ ਰੰਜਿਸ਼ ਦੇ ਚੱਲਦਿਆਂ ਦੂਜੀ ਧਿਰ ਵਾਸਤੇ ਟਰਾਂਸਫਾਰਮਰ ਤੋਂ ਮੀਟਰ ਦਾ ਕੁਨੈਕਸ਼ਨ ਲਾਉਣ ਤੋਂ ਮਨ੍ਹਾ ਕਰ ਰਹੀ ਸੀ|

ਉਸਨੇ ਦੱਸਿਆ ਕਿ ਪੁਲਿਸ ਸੁਰੱਖਿਆ ਦੇ ਹੇਠ ਮੀਟਰ ਦਾ ਕੁਨੈਕਸ਼ਨ ਚਾਲੂ ਕਰ ਦਿੱਤਾ ਗਿਆ, ਜਿਵੇਂ ਹੀ ਪੁਲਿਸ ਮੁਲਾਜ਼ਮ ਅੱਗੇ ਪਿੱਛੇ ਹੋਏ ਹੋ ਕੇ ਆਪਣੇ ਸਾਥੀ ਸਮੇਤ ਵਾਪਸ ਪਰਤ ਰਹੇ ਸਨ ਤਾਂ ਪਿੰਡ ਤੋਂ ਕੁਝ ਦੂਰੀ ‘ਤੇ ਕੁਲਦੀਪ ਸਿੰਘ ਅਤੇ ਹੋਰ ਸਾਥੀਆਂ ਨੇ ਰਾਹ ਵਿੱਚ ਘੇਰ ਲਿਆ ਤੇ ਡਾਂਗਾਂ ਸੋਟਿਆਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ |

ਉੱਧਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੀੜਤ ਜੇ.ਈ. ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਮਸਤਾ ਗੱਟੀ ਦੇ ਕੁਲਦੀਪ ਸਿੰਘ ਅਤੇ ਹੋਰ ਸਾਥੀਆਂ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |