ਮੈਡੀਕਲ ਸਿੱਖਿਆ

ਮੈਡੀਕਲ ਸਿੱਖਿਆ ਮੰਤਰੀ ਵੱਲੋਂ ਐਮ.ਸੀ.ਐਚ. ਅਤੇ ਇੰਸਟੀਚਿਊਟ ਬਿਲਡਿੰਗ ਦੀ ਜਾਂਚ ਕਰਵਾਉਣ ਦੇ ਆਦੇਸ਼

ਪਟਿਆਲਾ 21 ਸਤੰਬਰ 2022: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਿਛਲੇ ਸਮੇਂ ਬਣੀ ਐਮ.ਸੀ.ਐਚ. (ਜੱਚਾ ਬੱਚਾ ਹਸਪਤਾਲ) ਦੀ ਇਮਾਰਤ ਸਮੇਤ ਸਰਕਾਰੀ ਮੈਡੀਕਲ ਕਾਲਜ ਵਿਖੇ ਇੰਸਟੀਚਿਊਟ ਬਿਲਡਿੰਗ ਦੀ ਸਮਾਂਬੱਧ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖਾਮੀਆਂ ਲਈ ਜਿੰਮੇਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਚੇਤਨ ਸਿੰਘ ਜੌੜਾਮਾਜਰਾ, ਸਿਹਤ ਤੇ ਪਰਿਵਾਰ ਭਲਾਈ ਚੋਣਾਂ ਬਾਰੇ ਵਿਭਾਗ ਵੀ ਹਨ, ਉਨ੍ਹਾਂ ਨੇ ਅੱਜ ਇੱਥੇ ਮੈਡੀਕਲ ਕਾਲਜ ਦੇ ਬੁਆਏਜ਼ ਤੇ ਗਰਲਜ਼ ਹੋਸਟਲ ਤੇ ਇਨ੍ਹਾਂ ਦੀ ਮੈੱਸ, ਇੰਸਟੀਚਿਊਟ ਬਿਲਡਿੰਗ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਤੇ ਐਮ.ਸੀ.ਐਚ. ਬਿਲਡਿੰਗ ਦਾ ਅਚਨਚੇਤ ਦੌਰਾ ਕੀਤਾ ਅਤੇ ਇੱਥੇ ਪਾਈਆਂ ਗਈਆਂ ਊਣਤਾਈਆਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਡਾ. ਬਲਬੀਰ ਸਿੰਘ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਵੀ ਅਚਨਚੇਤ ਦੌਰਾ ਕੀਤਾ।

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਵਿਖੇ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਣ ਲਈ ਬਣੀ ਇੰਸਟੀਚਿਊਟ ਦੀ ਅਧੂਰੀ ਇਮਾਰਤ ਸਮੇਤ ਐਮ.ਸੀ.ਐਚ. ਬਿਲਡਿੰਗ ਦੀ ਖਸਤਾ ਹਾਲਤ ਲਈ ਜਿੰਮੇਵਾਰ ਕਿਸੇ ਵੀ ਸਰਕਾਰੀ ਜਾਂ ਗ਼ੈਰਸਰਕਾਰੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।

Rajindra Hospital

ਚੇਤਨ ਸਿੰਘ ਜੌੜਾਮਾਜਰਾ ਨੇ ਐਮ.ਸੀ.ਐਚ. ਬਿਲਡਿੰਗ ਵਿਖੇ ਸੀਵਰੇਜ ਦੀ ਲੀਕੇਜ਼ ਤੇ ਨਾਕਸ ਪ੍ਰਣਾਲੀ ਸਮੇਤ ਸਾਫ਼ ਸਫ਼ਾਈ ਦੀ ਘਾਟ ਲਈ ਸਬੰਧਤ ਵਿਭਾਗ ਸਮੇਤ ਹਸਪਤਾਲ ਦੇ ਹੋਰ ਜਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਵਾਬ ਤਲਬੀ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਲੋਕ ਨਿਰਮਾਣ ਵਿਭਾਗ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਮੇਤ ਹੋਰ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਚੱਲ ਰਹੇ ਵਿਕਾਸ ਕਾਰਜ ਮਿਥੇ ਸਮੇਂ ਦੇ ਅੰਦਰ ਮੁਕੰਮਲ ਕਰਨ ਲਈ ਕਿਹਾ।

ਜੌੜਾਮਾਜਰਾ ਨੇ ਡਾਇਲਸਿਸ ਰੂਮ ਵਿਖੇ ਮਰੀਜਾਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਹਾਸਲ ਕੀਤੀ ਅਤੇ ਇੱਥੇ ਫਰਸ਼ ਦੀਆਂ ਟੁੱਟੀਆਂ ਟਾਈਲਾਂ ਤੁਰੰਤ ਠੀਕ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਰਾਜਿੰਦਰਾ ਹਪਸਤਾਲ ਦੇ ਦਿਲ ਦੇ ਰੋਗਾਂ ਦੇ ਮਾਹਰ ਡਾ. ਸੌਰਵ ਸ਼ਰਮਾ ਤੋਂ ਦਿਲ ਦੀਆਂ ਬਿਮਾਰੀਆਂ ਦੇ ਮਰੀਜਾਂ ਬਾਰੇ ਅਤੇ ਬੱਚਿਆਂ ਦੇ ਮਾਹਰ ਡਾ. ਹਰਸ਼ਿੰਦਰ ਕੌਰ ਤੋਂ ਆਰ.ਬੀ.ਐਸ.ਕੇ, ਜਨਨੀ ਸੁਰੱਖਿਆ, ਜੇ.ਐਸ.ਐਸ.ਕੇ ਤੇ ਆਯੂਸ਼ਮਾਨ ਸਕੀਮਾਂ ਸਮੇਤ ਕੈਂਸਰ ਦੇ ਮਰੀਜਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕਰਕੇ ਤਸੱਲੀ ਦਾ ਇਜ਼ਹਾਰ ਕੀਤਾ।

rajindra Hospital

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਕਰਕੇ ਉਨ੍ਹਾਂ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਇਨ੍ਹਾਂ ਦਾ ਜਾਇਜ਼ਾ ਲਿਆ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਵਾਰ-ਵਾਰ ਇਨ੍ਹਾਂ ਹਸਪਤਾਲਾਂ ਦਾ ਦੌਰਾ ਕਰਨ ਲਈ ਜਾਣਗੇ ਤੇ ਖਾਮੀਆਂ ਲਈ ਜਿੰਮੇਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਦੇ ਦੌਰੇ ਦੌਰਾਨ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਸਿਵਲ ਸਰਜਨ ਡਾ. ਰਾਜੂ ਧੀਰ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ, ਆਪ ਪਾਰਟੀ ਦੇ ਸੂਬਾ ਸਕੱਤਰ ਜਰਨੈਲ ਸਿੰਘ ਮੰਨੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਈਵੈਂਟ ਇੰਚਾਰਜ ਅੰਗਰੇਜ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Scroll to Top