ਗੁਰਦਾਸਪੁਰ 13 ਸਤੰਬਰ 2022: ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਭੋਪਰ ਸੈਦਾਂ ਦੇ ਵਸਨੀਕ ਆਕਾਸ਼ ਭੱਟੀ ਉਮਰ 22 ਸਾਲ ਦੀ ਬੀਤੀ ਰਾਤ ਇਕ ਹਸਪਤਾਲ ‘ਚ ਇਲਾਜ ਦੇ ਦੌਰਾਨ ਮੌਤ ਹੋ ਗਈ |ਇਸਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਚੱਕਾ ਜਾਮ ਕਰ ਪ੍ਰਦਰਸ਼ਨ ਕੀਤਾ | ਉਥੇ ਹੀ ਮ੍ਰਿਤਕ ਦੇ ਮਾਮਾ ਸੈਮੂਅਲ ਮਸੀਹ ਅਤੇ ਮਾਤਾ ਨੇ ਇਲਜ਼ਾਮ ਲਗਾਇਆ ਕਿ ਡਾਕਟਰਾਂ ਵੱਲੋਂ ਗਲਤ ਦਵਾਈ ਦੇਣ ਅਤੇ ਟੀਕਾ ਲਗਾਉਣ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ |
ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਕਲਾਨੌਰ ਨੈਸ਼ਨਲ ਹਾਈਵੇ ਨੂੰ 5 ਘੰਟੇ ਤੱਕ ਜਾਮ ਰੱਖਿਆ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ | ਦੂਜੇ ਪਾਸੇ ਮ੍ਰਿਤਕ ਨੌਜ਼ਵਾਨ ਦਾ ਇਲਾਜ ਕਰਨ ਵਾਲੇ ਕਲਾਨੌਰ ਦੇ ਨਿੱਜੀ ਹਸਪਤਾਲ ਦੇ ਡਾਕਟਰ ਦਾ ਨੇ ਖੁਦ ਤੇ ਲੱਗ ਰਹੇ ਦੋਸ਼ਾਂ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਬੀਤੇ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਆਕਾਸ਼ ਨੂੰ ਪਰਿਵਾਰਕ ਮੈਂਬਰ ਉਨ੍ਹਾਂ ਦੇ ਹਸਪਤਾਲ ਵਿੱਚ ਲੈ ਕੇ ਆਏ ਸ਼ੁਰੂਆਤੀ ਜਾਂਚ ਕਰਨ ਤੋਂ ਪਤਾ ਲੱਗਿਆ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਹੋਇਆ ਸੀ | ਜਿਸ ਤੇ ਉਨ੍ਹਾਂ ਨੇ ਤੁਰੰਤ ਕਲਾਨੌਰ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਇਲਾਜ ਸ਼ੁਰੂ ਕਰ ਦਿੱਤਾ | ਇਲਾਜ ਦੌਰਾਨ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ ਹੈ |
ਇਸਦੇ ਨਾਲ ਹੀ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਡੀਐੱਸਪੀ ਰਿਪੁਦਮਨ ਸਿੰਘ ਸੰਧੂ ਅਤੇ ਕਲਾਨੌਰ ਤੋਂ ਡੀਐੱਸਪੀ ਗੁਰਵਿੰਦਰ ਸਿੰਘ ਨੇ ਸਥਿਤੀ ਨੂੰ ਸੰਭਾਲਿਆ ਅਤੇ ਉਹਨਾਂ ਦੱਸਿਆ ਕਿ ਨੌਜਵਾਨ ਦੀ ਇਲਾਜ ਦੌਰਾਨ ਕਲਾਨੌਰ ਦੇ ਇਕ ਨਿਜੀ ਹਸਪਤਾਲ ‘ਚ ਮੌਤ ਹੋਈ ਸੀ |
ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਸੁਪਰੀਮ ਕੋਰਟ ਦੀ ਗਾਇਡਲਾਈਨ ਮੁਤਾਬਕ ਇਸ ਤਰ੍ਹਾਂ ਦੀ ਮੌਤ ਦੇ ਕੇਸ ਵਿਚ ਪੋਸਟਮਾਰਟਮ ਤੋਂ ਬਿਨਾਂ ਕੇਸ ਦਰਜ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਗੁਜ਼ਾਰਿਸ਼ ਤੇ ਪੋਸਟਮਾਰਟਮ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਨਿਕਲਣਗੇ ਉਸ ਦੀ ਬਰੀਕੀ ਨਾਲ ਜਾਂਚ ਕਰ ਕੇ ਅੱਗੇ ਬਣਦੀ ਕਾਰਵਾਈ ਕੀਤੀ ਜਾਵੇਗੀ |