Olympian Balbir Singh Senior Scholarship Scheme

ਜੂਨੀਅਰ ਤੇ ਸੀਨੀਅਰ ਕੌਮੀ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਲਈ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ’ ਦੀ ਸ਼ੁਰੂਆਤ

ਚੰਡੀਗੜ੍ਹ 13 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਹੇਠਲੇ ਪੱਧਰ ’ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ’ (Olympian Balbir Singh Senior Scholarship Scheme) ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਮੀਤ ਹੇਅਰ ਨੇ ਦੱਸਿਆ ਕਿ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਮ ਉਤੇ ਉੱਘੇ ਖਿਡਾਰੀਆਂ ਲਈ ਇਹ ਨਿਵੇਕਲੀ ਸਕੀਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਤਹਿਤ ਹਰ ਸਾਲ ਸੀਨੀਅਰ ਨੈਸ਼ਨਲ ਵਿੱਚ ਤਮਗੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਇਕ ਸਾਲ ਲਈ 8000 ਰੁਪਏ ਪ੍ਰਤੀ ਮਹੀਨਾ ਅਤੇ ਜੂਨੀਅਰ ਨੈਸ਼ਨਲ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਇਕ ਸਾਲ ਲਈ 6000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤੇ ਜਾਣਗੇ।

ਖਿਡਾਰੀ ਨੇ ਸੋਨੇ, ਚਾਂਦੀ ਤੇ ਕਾਂਸੀ ਦਾ ਕੋਈ ਵੀ ਤਮਗਾ ਜਿੱਤਿਆ ਹੋਵੇ, ਉਸ ਨੂੰ ਇਹ ਰਾਸ਼ੀ ਇਕ ਸਾਲ ਲਈ ਪ੍ਰਤੀ ਮਹੀਨਾ ਮਿਲੇਗੀ। ਇਸ ਸਕੀਮ ਲਈ ਖੇਡ ਵਿਭਾਗ ਵੱਲੋਂ ਸਾਲਾਨਾ 12.50 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਖਿਡਾਰੀਆਂ ਲਈ ਸਿਹਤ ਬੀਮਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਖਿਡਾਰੀਆਂ ਨੂੰ ਖੇਡ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਵੱਡੀ ਪੱਧਰ ਉੱਤੇ ਨਵੇਂ ਕੋਚਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ।

ਡੇਅ ਸਕਾਲਰ ਖਿਡਾਰੀਆਂ ਦੀ ਡਾਈਟ 100 ਰੁਪਏ ਤੋਂ ਵਧਾ ਕੇ 125 ਰੁਪਏ ਅਤੇ ਹੋਸਟਲ ਵਾਲੇ ਖਿਡਾਰੀਆਂ ਲਈ ਡਾਈਟ 200 ਤੋਂ ਵਧਾ ਕੇ 225 ਰੁਪਏ ਕਰ ਦਿੱਤੀ ਗਈ ਹੈ। ਖੇਡ ਮਾਹਿਰਾਂ ਦੀ ਰਾਏ ਨਾਲ ਨਵੀਂ ਖੇਡ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਦਾ ਮਨੋਰਥ ਖਿਡਾਰੀਆਂ ਦੀ ਪ੍ਰਤਿਭਾ ਪਛਾਣ ਕੇ ਉਨਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ।

ਨੌਕਰੀਆਂ ਤੇ ਨਗਦ ਪੁਰਸਕਾਰ ਨਾਲ ਸਨਮਾਨਿਤ ਕਰਨਾ ਨੀਤੀ ਦਾ ਅਹਿਮ ਅੰਗ

ਖਿਡਾਰੀਆਂ ਲਈ ਡਾਈਟ, ਕੋਚਿੰਗ, ਖੇਡ ਸਮਾਨ, ਨੌਕਰੀਆਂ ਤੇ ਨਗਦ ਪੁਰਸਕਾਰ ਨਾਲ ਸਨਮਾਨਿਤ ਕਰਨਾ ਨੀਤੀ ਦਾ ਅਹਿਮ ਅੰਗ ਹੋਵੇਗਾ ਹੋਵੇਗਾ। ਸੂਬਾ ਸਰਕਾਰ ਦਾ ਟੀਚਾ ਹੈ ਕਿ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਅਤੇ 2028 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਪੰਜਾਬ ਦੇ ਖਿਡਾਰੀ ਵੱਧ ਤੋਂ ਵੱਧ ਹਿੱਸਾ ਲੈ ਕੇ ਪ੍ਰਾਪਤੀਆਂ ਹਾਸਲ ਕਰਨ।

ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਖੇਡਾਂ ਵਿੱਚ ਅਮੀਰ ਪਿਛੋਕੜ ਹੈ ਅਤੇ ਸੂਬੇ ਨੇ ਦੇਸ਼ ਨੂੰ ਨਾਮੀਂ ਖਿਡਾਰੀ ਦਿੱਤੇ ਹਨ। ਕੌਮਾਂਤਰੀ ਪੱਧਰ ਉਤੇ ਪੰਜਾਬ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦਿਆਂ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਅਣਗੌਲਿਆਂ ਕਰਨ ਕਰਕੇ ਪੰਜਾਬ ਹੌਲੀ-ਹੌਲੀ ਪਛੜਦਾ ਗਿਆ। 2001 ਤੱਕ ਕੌਮੀ ਖੇਡਾਂ ਵਿੱਚ ਪੰਜਾਬ ਪਹਿਲੇ ਨੰਬਰ ਉਤੇ ਸੀ। ਉਸ ਤੋਂ ਬਾਅਦ ਲਗਾਤਾਰ ਹੇਠਾਂ ਜਾਂਦਾ ਰਿਹਾ। ਪੰਜਾਬ ਨੂੰ ਮੁੜ ਖੇਡ ਨਕਸ਼ੇ ਉਤੇ ਲਿਆਉਣ ਲਈ ਸਰਕਾਰ ਨਿਰੰਤਰ ਉਪਰਾਲੇ ਕਰ ਰਹੀ ਹੈ।

ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦੇ 23 ਖਿਡਾਰੀਆਂ ਦਾ ਸਨਮਾਨ

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਉਲੀਕੀਆਂ ਗਈਆਂ ਜੋ ਕਿ ਸ਼ਾਨਦਾਰ ਤਰੀਕੇ ਨਾਲ ਚੱਲ ਰਹੀਆਂ ਹਨ। ਸਵਾ ਦੋ ਲੱਖ ਤੋਂ ਵੱਧ ਖਿਡਾਰੀ ਇਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

ਮੁੱਖ ਮੰਤਰੀ ਵੱਲੋਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿੱਚ ਨਾਮ ਚਮਕਾਉਣ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਖੇਡਾਂ ਵਾਲੇ ਮਹੀਨੇ ਹੀ 9.30 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 5-5 ਲੱਖ ਰੁਪਏ ਨਾਲ ਸਨਮਾਨਤ ਕੀਤਾ।

ਇਸ ਮਹੀਨੇ ਗੁਜਰਾਤ ਵਿਖੇ ਹੋਣ ਜਾ ਰਹੀਆਂ ਕੌਮੀ ਖੇਡਾਂ ਲਈ ਪੰਜਾਬ ਓਲੰਪਿਕ ਐਸੋਸੀਏਸ਼ਨ ਨੂੰ ਪੰਜਾਬ ਦੇ ਖੇਡ ਦਲ ਲਈ 50 ਲੱਖ ਰੁਪਏ ਦੀ ਰਾਸ਼ੀ ਦਿੱਤੀ। ਸ਼ੂਟਿੰਗ ਰੇਂਜਾਂ ਲਈ 6 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।

Scroll to Top