ਚੰਡੀਗੜ੍ਹ 12 ਸਤੰਬਰ 2022: ਮੱਧ ਪ੍ਰਦੇਸ਼ ਵਿਚ ਸਿੱਖ ਪ੍ਰਚਾਰਕ ਭਾਈ ਦਿਨੇਸ਼ ਸਿੰਘ ਐੱਲ.ਐੱਲ ਐੱਮ ਜਾਨਲੇਵਾ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਕਿਹਾ ਕਿ ਸਿੱਖ ਫਲਸਫੇ, ਸਿੱਖ ਇਤਿਹਾਸ ਤੇ ਸਿੱਖ ਮਾਣਮੱਤੀਆਂ ਪ੍ਰੰਪਰਾਵਾਂ ਦਾ ਪ੍ਰਚਾਰ ਕਰਨ ਵਾਲੇ ਸਾਡੇ ਪ੍ਰਚਾਰਕ ਭਾਈ ਦਿਨੇਸ਼ ਸਿੰਘ ਐੱਲ.ਐੱਲ ਐੱਮ ‘ਤੇ ਮੱਧ ਪ੍ਰਦੇਸ਼ ਵਿਚ ਜਾਨਲੇਵਾ ਹਮਲਾ ਕਰਨਾ ਮੰਦਭਾਗਾ ਹੈ ।
ਜਥੇਦਾਰ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਇਸਾਈਅਤ ਦੇ ਨਾਮ ਤੇ ਸਿੱਖਾਂ ਨੂੰ ਘਰਾਂ ਅੰਦਰ ਵੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ ਨਾਲੋ ਤੋੜਨ ਦੇ ਹੱਲੇ ਤੇ ਦੂਜੇ ਪਾਸੇ ਸਿੱਖ ਪ੍ਰਚਾਰਕ ‘ਤੇ ਜਾਨਲੇਵਾ ਹਮਲਿਆਂ ਬਾਬਤ ਸਰਕਾਰਾਂ ਦੀ ਡੂੰਘੀ ਖਾਮੋਸ਼ੀ ਅਉਣ ਵਾਲੇ ਖ਼ਤਰੇ ਦਾ ਅਭਾਸ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖ, ਸਿੱਖ ਸੰਸਥਾਵਾਂ ਤੇ ਕਬਜੇ ਦੀ ਆਪਸ ਵਿਚ ਲੜਾਈ ਲੜ ਰਹੇ ਹਨ ਤੇ ਇਕ ਦੂਜੇ ਨੂੰ ਗਦਾਰੀ ਦੇ ਮੈਡਲ ਵੰਡ ਰਹੇ ਹਨ। ਸਾਂਝੇ ਮਸਲਿਆਂ ਤੇ ਸਿਰ ਜੋੜਨ ਦੀ ਜੁਗਤ ਵਿਸਰੀ ਪਈ ਹੈ ।ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਿੱਖ ਸੰਸਥਾਵਾਂ ਮਾਮਲੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਇਸ ਸਿੱਖ ਵੀਰ ਦੇ ਇਲਾਜ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ |