Tarn Taran

ਤਰਨਤਾਰਨ ਵਿਖੇ ਅਣਪਛਾਤੇ ਵਿਅਕਤੀਆਂ ਨੇ ਚਰਚ ‘ਚ ਕੀਤੀ ਭੰਨਤੋੜ, ਈਸਾਈ ਭਾਈਚਾਰੇ ‘ਚ ਰੋਸ਼ ਦੀ ਲਹਿਰ

ਚੰਡੀਗੜ੍ਹ 31 ਅਗਸਤ 2022: ਤਰਨਤਾਰਨ (Tarn Taran) ਦੇ ਪੱਟੀ ਦੇ ਪਿੰਡ ਠੱਕਰਪੁਰਾ ਵਿੱਚ ਦੇਰ ਰਾਤ ਮੰਦਭਾਗੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਹੈ। ਇਥੇ ਸਥਿਤ ਚਰਚ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਪ੍ਰਭੂ ਯਿਸੂ ਅਤੇ ਮਦਰ ਮੈਰੀ ਦੀਆਂ ਮੂਰਤੀਆਂ ਦੇ ਭੰਨਤੋੜ ਕੀਤੀ ਗਈ ਹੈ, ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ।

ਮੂਰਤੀਆਂ ਦੇ ਭੰਨਤੋੜ ਦੀ ਘਟਨਾ ਸੀਸੀਟੀਵੀ (CCTV video) ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕੁੱਝ ਵਿਅਕਤੀ ਚਰਚ ਅੰਦਰ ਵੜ ਕੇ ਪ੍ਰਭੂ ਯਿਸ਼ੂ ਮਸੀਹ ਅਤੇ ਮਾਤਾ ਮਰੀਅਮ ਦੀ ਮੂਰਤੀ ਦੀ ਭੰਨਤੋੜ ਕਰ ਰਹੇ ਹਨ |

ਇਸਦੇ ਨਾਲ ਹੀ ਮੁਲਜ਼ਮ ਮੂਰਤੀ ਦਾ ਸਿਰ ਵੱਖ ਕਰ ਕੇ ਚੁੱਕ ਕੇ ਲੈ ਗਏ ਅਤੇ ਚਰਚ ਦੇ ਅੰਦਰ ਖੜ੍ਹੀ ਕਾਰ ਨੂੰ ਵੀ ਅੱਗ ਲਾ ਦਿੱਤੀ । ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਬਣਿਆ ਹੋਇਆ ਹੈ। ਘਟਨਾ ਤੋਂ ਬਾਅਦ ਹੁਣ ਈਸਾਈ ਧਰਮ ਦੇ ਲੋਕਾਂ ਨੇ ਪੱਟੀ-ਖੇਮਕਰਨ ਰਾਜ ਮਾਰਗ ਨੂੰ ਸਵੇਰੇ ਹੀ ਬੰਦ ਕਰ ਦਿੱਤਾ ਹੈ। ਧਰਨੇ ‘ਤੇ ਬੈਠੇ ਈਸਾਈ ਭਾਈਚਾਰੇ ਦੇ ਲੋਕ ਇਨਸਾਫ਼ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ |

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਜੰਡਿਆਲਾ ਗੁਰੂ ਦੇ ਪਿੰਡ ਡਡੂਆਣਾ ਵਿੱਚ ਚੱਲ ਰਹੇ ਇਸਾਈ ਪ੍ਰੋਗਰਾਮ ਨੂੰ ਨਿਹੰਗ ਸਿੱਖਾਂ ਵੱਲੋਂ ਰੋਕ ਦਿੱਤਾ ਗਿਆ ਸੀ । ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਈ ਨਿਹੰਗ ਸਿੱਖਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਦੂਜੇ ਪਾਸੇ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਨਿਹੰਗਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸਾਈ ਪੁਜਾਰੀ ਹਿੰਦੂਆਂ ਅਤੇ ਸਿੱਖਾਂ ਨੂੰ ਪਾਖੰਡ ਕਰਕੇ ਗੁੰਮਰਾਹ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਈ ਵਾਰ ਨਿਹੰਗਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਬਾਅਦ ਵਿਵਾਦ ਹੋਰ ਭੜਕ ਗਿਆ।

Scroll to Top