ਚੰਡੀਗੜ੍ਹ 25 ਅਗਸਤ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ਇਨਸਾਫ਼ ਦਿਵਾਉਣ ਲਈ ਅੱਜ ਮਾਨਸਾ ਦੇ ਜਵਾਹਰਕੇ ਪਿੰਡ ਵਿਖੇ ਕੈਂਡਲ ਮਾਰਚ ਕੱਢਿਆ ਗਿਆ | ਇਸ ਕੈਂਡਲ ਮਾਰਚ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੀਤੀ | ਦੱਸਿਆ ਜਾ ਰਿਹਾ ਹੈ ਕਿ ਇਹ ਕੈਂਡਲ ਮਾਰਚ ਜਿਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਾਲੇ ਸਥਾਨ ਤੋਂ ਸ਼ੁਰੂ ਹੋਇਆ ਹੈ |ਇਸ ਕੈਂਡਲ ਮਾਰਚ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ | ਇਹ ਕੈਂਡਲ ਮਾਰਚ ਮਾਨਸਾ ਦੇ ਪਿੰਡ ਜਵਾਹਰਕੇ ‘ਲਾਸਟ ਰਾਈਡ’ ਵੱਲ ਕੀਤਾ ਜਾਵੇਗਾ, ਜਿੱਥੇ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ |
ਇਸ ਦੌਰਾਨ ਮੂਸੇਵਾਲਾ (Sidhu Moosewala)ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੈਂਡਲ ਮਾਰਚ ਦੌਰਾਨ ਕਿਹਾ ਕਿ ਸਾਨੂੰ ਸਮੇ ਦੀਆਂ ਸਰਕਾਰਾਂ ਤੋਂ ਗਿਲਾ ਹੈ ਕਿ ਇਸ ਮਾਮਲੇ ‘ਚ ਢਿੱਲ ਵਰਤ ਰਹੀ ਹੈ | ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਵਲੋਂ ਕੁਝ ਗ੍ਰਿਫਤਾਰੀਆਂ ਕੀਤੀਆਂ ਹਨ, ਪਰ ਅਜੇ ਵੀ ਮੁੱਖ ਦੋਸ਼ੀ ਸਜ਼ਾ ਤੋਂ ਦੂਰ ਹਨ | ਕੁਝ ਸਫੈਦਪੋਸ ਇਨ੍ਹਾਂ ਗੈਂਗਸਟਰਾਂ ਨੂੰ ਸਹਿ ਦਿੰਦੇ ਹਨ ਅਤੇ ਜੇਲ੍ਹਾਂ ‘ਚ ਬੈਠ ਕੇ ਵੀ ਕਾਰਵਾਈ ਕਰ ਰਹੇ ਹਨ |