Majithia

ਬਿਕਰਮ ਮਜੀਠੀਆ ਨੇ ਮੁੱਲਾਂਪੁਰ ਵਿਖੇ ਕੈਂਸਰ ਹਸਪਤਾਲ ਦੇ ਉਦਘਾਟਨ ‘ਤੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ

ਚੰਡੀਗੜ੍ਹ 24 ਅਗਸਤ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਵੱਲੋਂ ਅਨੇਕਾਂ ਵਿਸ਼ਵ-ਪੱਧਰੀ ਕੈਂਸਰ ਹਸਪਤਾਲਾਂ ਦਾ ਦੇਸ਼-ਵਿਦੇਸ਼ ਵਿੱਚ ਨਿਰੀਖਣ ਕਰਨ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਵਸਾਏ ਗਏ ਨਿਊ ਚੰਡੀਗੜ੍ਹ ਦੇ ਖੂਬਸੂਰਤ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ 50 ਏਕੜ ਜ਼ਮੀਨ ਅਲਾਟ ਕੀਤੀ ਗਈ ਸੀ ।

30 ਦਸੰਬਰ 2013 ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਇਸ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਗਿਆ। ਅਜੌਕੇ ਸਮੇਂ ਵਿੱਚ ਜਦੋਂ ਕੈਂਸਰ ਵਰਗੀ ਨਾਮੁਰਾਦ ਤੇ ਘਾਤਕ ਬਿਮਾਰੀ ਦਾ ਇਲਾਜ ਆਮ ਬੰਦੇ ਦੀ ਵਿੱਤ ਤੋਂ ਬਾਹਰ ਹੈ, ਅਜਿਹੇ ਸਮੇਂ ‘ਚ ਇਹ ਹਸਪਤਾਲ ਪੰਜਾਬ ਅਤੇ ਇਸਦੇ ਨਾਲ ਲਗਦੇ ਰਾਜਾਂ ਦੇ ਮਰੀਜ਼ਾਂ ਨੂੰ ਸਸਤਾ, ਵਧੀਆ ਤੇ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਏਗਾ।

ਪ੍ਰਬੰਧਕਾਂ ਅਨੁਸਾਰ ਇਹ ਹਸਪਤਾਲ 6 ਮਹੀਨਿਆਂ ‘ਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।

Scroll to Top