ਚੰਡੀਗੜ੍ਹ 06 ਅਗਸਤ 2022: ਦਿੱਲੀ ਦੀ ਰਾਉਸ ਐਵੇਨਿਊ ਕੋਰਟ ਨੇ ਸਤੇਂਦਰ ਜੈਨ (Satyendra Jain) ਦੀ ਪਤਨੀ ਪੂਨਮ ਜੈਨ (Poonam Jain) ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਅਦਾਲਤ ਤੋਂ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ | ਅਦਾਲਤ ਨੇ ਪੂਨਮ ਜੈਨ ਨੂੰ ਅੰਤਰਿਮ ਜ਼ਮਾਨਤ ਦਿੰਦਿਆਂ ਕਿਹਾ ਕਿ ਉਸ ਨੂੰ ਜਾਂਚ ਦੌਰਾਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਖ਼ਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੂਨਮ ਜੈਨ ਨੂੰ ਵੀ ਦੋਸ਼ੀ ਬਣਾਇਆ ਸੀ। ਈਡੀ ਦੀ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਪੂਨਮ ਜੈਨ ਤੋਂ ਵੀ ਪੁੱਛਗਿੱਛ ਕੀਤੀ । ਉਨ੍ਹਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲੰਬੇ ਸਮੇਂ ਤੋਂ ਲਟਕ ਰਹੀ ਸੀ।
ਮੰਤਰੀ ਸਤੇਂਦਰ ਜੈਨ ਨੇ ਆਪਣੀ ਪਤਨੀ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਦਿੱਲੀ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਫਿਲਹਾਲ ਅਦਾਲਤ ਨੇ ਸਤੇਂਦਰ ਜੈਨ ਦੀ ਪਤਨੀ ਪੂਨਮ ਜੈਨ ਨੂੰ ਇੱਕ ਲੱਖ ਦੇ ਨਿੱਜੀ ਮੁਚਲਕੇ ‘ਤੇ ਅੰਤ੍ਰਿਮ ਜ਼ਮਾਨਤ ਦੇ ਕੇ ਵੱਡੀ ਰਾਹਤ ਦਿੱਤੀ ਹੈ