ਬਟਾਲਾ 29 ਜੁਲਾਈ 2022: ਗੁਰਦਸਪੂਰ ਦੇ ਬਟਾਲਾ ‘ਚ ਚੋਰਾਂ ਨੇ ਇੱਕ ਵਾਰ ਫ਼ਿਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਟਾਲਾ ਦੀ ਡਰੀਮ ਲੈਂਡ ਕਾਲੋਨੀ ਵਿਖੇ ਜਿੱਥੇ ਸਾਬਕਾ ਫੌਜੀ ਦੇ ਘਰ ‘ਚੋਂ 12 ਤੋਲੇ ਸੋਨਾ ਅਤੇ 5 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਘੜੀਆਂ, ਕੈਮਰੇ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ |
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਪੀੜਤ ਸਾਬਕਾ ਫੌਜੀ ਅਜੈਬ ਸਿੰਘ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਪੀੜਤ ਸਾਬਕਾ ਫੌਜੀ ਅਜੈਬ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਅਤੇ ਨੂੰਹ ਆਪਣੇ ਪਰਿਵਾਰ ਨਾਲ ਦੁਬਈ ਵਿਖੇ ਰਹਿੰਦੇ ਹਨ ਅਤੇ ਉਹ ਖੁਦ ਇਕੱਲਾ ਹੀ ਆਪਣੇ ਘਰ ਵਿਚ ਰਹਿੰਦਾ ਹੈ |
ਜਦੋਂ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਿਆ ਸੀ | ਦੇਰ ਸ਼ਾਮ ਵਾਪਸ ਪਰਤਿਆ ਤਾਂ ਦੇਖਿਆ ਕਿ ਘਰ ਦੀ ਬਾਰੀ ਦੀ ਗ੍ਰਿਲ ਪੁੱਟੀ ਹੋਈ ਸੀ ਅਤੇ ਦਰਵਾਜੇ ਦੀ ਜਾਲੀ ਵੀ ਤੋੜੀ ਹੋਈ ਸੀ | ਉਸਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਅਲਮਾਰੀ ਦਾ ਲਾਕ ਟੁੱਟਿਆ ਹੋਇਆ ਸੀ ਅਤੇ ਲਾਕਰ ਵੀ ਟੁੱਟਿਆ ਹੋਇਆ ਸੀ ਅਤੇ ਘਰ ਅੰਦਰੋਂ 12 ਤੋਲੇ ਸੋਨਾ, 5 ਤੋਲੇ ਚਾਂਦੀ, ਕੀਮਤੀ ਘੜੀਆਂ, ਫੋਟੋਗ੍ਰਾਫੀ ਕੈਮਰੇ ਅਤੇ ਗੈਸ ਸਿਲੰਡਰ ਗਾਇਬ ਸਨ |
ਉਨ੍ਹਾਂ ਕਿਹਾ ਕਿ ਤੁਰੰਤ ਪੁਲਿਸ ਨੂੰ ਇਸ ਚੋਰੀ ਦੀ ਇਤਲਾਹ ਦਿੱਤੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ | ਸਾਬਕਾ ਫੌਜੀ ਅਜੈਬ ਸਿੰਘ ਦੀ ਨੂੰਹ ਕੰਵਲਜੀਤ ਕੌਰ ਜੋ ਕੇ ਚੋਰੀ ਦੀ ਇਤਲਾਹ ਮਿਲਦੇ ਹੀ ਦੁਬਈ ਤੋਂ ਵਾਪਸ ਆਈ | ਉਸਦਾ ਕਹਿਣਾ ਸੀ ਕਿ ਉਹ ਆਪਣੇ ਪਤੀ ਨਾਲ ਦੁਬਈ ਰਹਿੰਦੀ ਹੈ ਅਤੇ ਉਨ੍ਹਾਂ ਦੇ ਬਾਪੂ ਜੀ ਜੋ ਸਾਬਕਾ ਫੌਜੀ ਹਨ, ਪਿੱਛੇ ਘਰ ਵਿੱਚ ਇਕੱਲੇ ਹੀ ਰਹਿੰਦੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਫੜੇ ਅਤੇ ਸਾਡਾ ਚੋਰੀ ਹੋਇਆ ਸਮਾਨ ਵਾਪਿਸ ਦਵਾਏ
ਦੂਜੇ ਪਾਸੇ ਜਾਂਚ ਕਰ ਰਹੇ ਬਟਾਲਾ ਅਰਬਨ ਸਟੇਟ ਪੁਲਿਸ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਚੋਰੀ ਦੀ ਘਟਨਾ ਬਾਰੇ ਦੱਸਦਿਆਂ ਕਿਹਾ ਕੇ ਸਾਬਕਾ ਫੌਜੀ ਅਜੈਬ ਸਿੰਘ ਦੇ ਘਰ ਚੋਰੀ ਹੋਈ ਹੈ | ਪੀੜਤ ਦੇ ਬਿਆਨ ਦਰਜ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ ਤਫਤੀਸ਼ ਕਰਦੇ ਹੋਏ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |