ਚੰਡੀਗੜ੍ਹ 13 ਜੁਲਾਈ 2022: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਬਲਾਂ ਨੇ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ। ਜਿਸ ‘ਚ ਵੱਡੀ ਗਿਣਤੀ ‘ਚ ਹਥਿਆਰ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਇੱਕ ਭਾਰਤੀ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਈਜੀਆਈ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਅਤਨਾਮ ਤੋਂ ਆਏ ਇੱਕ ਭਾਰਤੀ ਜੋੜੇ ਨੂੰ ਫੜ ਲਿਆ ਗਿਆ ਹੈ।
ਇਸ ਜੋੜੇ ਕੋਲੋਂ ਦੋ ਟਰਾਲੀ ਬੈਗਾਂ ਵਿੱਚੋਂ 22 ਲੱਖ ਰੁਪਏ ਤੋਂ ਵੱਧ ਕੀਮਤ ਦੇ 45 ਪਿਸਤੌਲ ਬਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਮੁਲਜ਼ਮਾਂ ਨੇ ਪਹਿਲਾਂ ਵੀ 12 ਲੱਖ ਰੁਪਏ ਤੋਂ ਵੱਧ ਕੀਮਤ ਦੇ 25 ਪਿਸਤੌਲਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤੀ ਜੋੜਾ ਏਅਰਪੋਰਟ ‘ਤੇ ਉਤਰਿਆ ਸੀ। ਜੋੜੇ ਕੋਲ ਟਰਾਲੀ ਬੈਗ ਸੀ। ਜੋ ਹਥਿਆਰਾਂ ਨਾਲ ਭਰਿਆ ਹੋਇਆ ਸੀ। ਦੋਵੇਂ ਏਅਰਪੋਰਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਦੀ ਨਜ਼ਰ ਦੋਵਾਂ ‘ਤੇ ਪਈ ਅਤੇ ਉਨ੍ਹਾਂ ਦੀ ਹਰਕਤ ‘ਤੇ ਸ਼ੱਕ ਹੋਇਆ।
ਸ਼ੱਕ ਪੈਣ ‘ਤੇ ਸੁਰੱਖਿਆ ਬਲਾਂ ਨੇ ਟਰਾਲੀ ਦੇ ਬੈਗ ਦੀ ਜਾਂਚ ਕੀਤੀ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਅਧਿਕਾਰੀ ਵੀ ਹੈਰਾਨ ਰਹਿ ਗਏ। ਬਰਾਮਦ ਕੀਤੇ ਗਏ ਸਾਰੇ 45 ਪਿਸਤੌਲ ਨਵੇਂ ਦੱਸੇ ਜਾਂਦੇ ਹਨ। ਇਸ ਬਰਾਮਦਗੀ ਤੋਂ ਬਾਅਦ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਦੋਵੇਂ ਤਸਕਰ ਇਹ ਹਥਿਆਰ ਕਿਸ ਨੂੰ ਪਹੁੰਚਾਉਣ ਜਾ ਰਹੇ ਸਨ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।