ਚੰਡੀਗੜ੍ਹ 09 ਜੁਲਾਈ 2022: ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਦੀ ਅਗਵਾਈ ‘ਚ ਅੱਜ ਸੂਬੇ ਭਰ ‘ਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ | ਇਸ ਦੌਰਾਨ ਬੀਤੀ ਰਾਤ ਪਟਿਆਲਾ ਦੇ ਸਨੌਰ (Sanaur)ਵਿਚ ਜੁਲਕਾਂ ਥਾਣੇ ਹੇਠ ਪੈਂਦੇ ਇਲਾਕੇ ਵਿਚ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਸੀ, ਗਸ਼ਤ ਦੌਰਾਨ ਪੁਲਿਸ ਦੀਆਂ ਗੱਡੀਆਂ ਵੇਖ ਕੇ ਨਸ਼ਾ ਤਸਕਰਾਂ ਨੇ ਗੱਡੀ ਭਜਾਈ ਅਤੇ ਰਾਹਗੀਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ । ਇਸ ਦੌਰਾਨ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ |
ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਪਿੰਡ ਰੋਹੜ ਜਗੀਰ ਦੇ ਰਮਨਪ੍ਰੀਤ ਅਤੇ ਸੇਵਕ ਸਿੰਘ ਵਜੋਂ ਹੋਈ ਹੈ। ਦੋਨੋ ਨੌਜਵਾਨ ਆਪਸ ‘ਚ ਚਾਚੇ ਤਾਏ ਦੇ ਲੜਕੇ ਦੱਸੇ ਜਾ ਰਹੇ ਹਨ | ਪਟਿਆਲਾ ਦੇ ਐੱਸ ਐੱਸ ਪੀ ਦੀਪਕ ਪਾਰਿਕ ਦੇ ਮੁਤਾਬਕ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਉਸ ਨੂੰ ਅੰਜਾਮ ਤੱਕ ਪਹੁੰਚਾ ਕੇ ਹੀ ਦਮ ਲਵੇਗੀ।
ਇਸਦੇ ਨਾਲ ਹੀ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਦਰ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਅਤੇ ਲਵਪ੍ਰੀਤ ਵਜੋਂ ਹੋਈ ਹੈ। ਉਨ੍ਹਾਂ ਪਾਸੋਂ ਇੱਕ ਕੁਇੰਟਲ ਚਾਲੀ ਕਿਲੋ ਡੋਡੇ ਦੱਸ ਬੋਰੀਆਂ ਵਿਚ ਬਰਾਮਦ ਕੀਤੇ ਹਨ |ਉਨ੍ਹਾਂ ਕਿਹਾ ਕਿ ਐਕਸ ਯੂ ਵੀ ਗੱਡੀ ਜੋ ਕਿ ਦੁਰਘਟਨਾ ਗ੍ਰਸਤ ਹੋ ਗਈ ਸੀ ਨੂੰ ਵੀ ਪੁਲਿਸ ਵੱਲੋਂ ਇਮਪਾਊਂਡ ਕਰ ਲਈ ਗਈ ਹੈ। ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਜੁਲਕਾ ਥਾਣੇ ਵਿੱਚ ਧਾਰਾ 304, 279 IPC ਅਤੇ NDPS ਦੀ ਧਾਰਾ 15 ਹੇਠ ਪਰਚਾ ਵੀ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।