ਨਹੀਂ ਰਹੇ ਭਾਰਤ ਪਾਕਿਸਤਾਨ

ਨਹੀਂ ਰਹੇ ,ਭਾਰਤ ਪਾਕਿਸਤਾਨ ਦੀ ਵੰਡ ਦਾ ਵਿਰੋਧ ਕਰਨ ਵਾਲੇ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ

ਹਰਪ੍ਰੀਤ ਸਿੰਘ ਕਾਹਲੋਂ

 

ਰਹਿਮਾਨ ਪਰਿਵਾਰ ਅਹਿਰਾਰ ਮੂਵਮੇੰਟ ਦਾ ਮੋਢੀ ਸਰਗਰਮ ਹਿੱਸਾ ਸੀ।

ਸਟੇਸ਼ਨਾਂ ‘ਤੇ ਹਿੰਦੂ ਮੁਸਲਮਾਨ ਘੜੇ ਤੋੜਕੇ ਪਾਣੀ ਇੱਕ ਕੀਤੇ ਸਨ

ਇਹ ਪਰਿਵਾਰ ਗਰਮ ਹਵਾ ‘ਚ ਠੰਡੀ ਹਵਾ ਦੀ ਵਿਰਾਸਤ ਹੈ

“ਇੱਕ ਮੁਲਕ ਦੀ ਉਹ ਥਾਂ ਹੈ,ਇੱਥੋਂ ਬਹੁਤ ਦੂਰ,ਜਿੱਥੇ ਮੇਰੇ ਅੰਮੀ-ਅੱਬਾ ਦਫ਼ਨ ਨੇ।ਉੱਥੇ ਮੇਰਾ ਸਭ ਤੋਂ ਵੱਡਾ ਪੁੱਤਰ ਵੀ ਦਫ਼ਨ ਏ ਜੋ ਨਿੱਕੀ ਉੱਮਰ ਸਾਨੂੰ ਛੱਡ ਗਿਆ।ਉੱਥੋਂ ਦੀਆਂ ਗਲੀਆਂ ‘ਚ ਮੇਰੀ ਯਾਦਾਂ ਹਨ ਅਤੇ ਮੈਂ ਹੁਣ ਇਸ ਸਭ ਤੋਂ ਦੂਰ ਉਸ ਥਾਂ ਰਹਿ ਰਿਹਾ ਹਾਂ ਜੀਹਨੂੰ ਨਵਾਂ ਮੁਲਕ ਪਾਕਿਸਤਾਨ ਕਹਿੰਦੇ ਹਨ।” ਸਆਦਤ ਹਸਨ ਮੰਟੋ,ਪਾਕਿਸਤਾਨ ਤੋਂ

 

ਸਾਂਝੀ ਵਿਰਾਸਤ ਦੇ ਪਾਏ ਵਾਸਤੇ

 

ਇਹ ਪੀੜ ਉਹਨਾਂ ਲੱਖਾਂ ਬੰਦਿਆਂ ਦਾ ਬਿਆਨ ਹੈ ਜੋ ਆਪਣੀ ਮਿੱਟੀ ਤੋਂ ਹਿਜਰਤ ਕਰਦੇ ਰਫਿਊਜ਼ੀ ਬਣੇ। ਇਸ ਦਰਦ ਦੀਆਂ ਸਦੀਆਂ ਨੂੰ ਲੁਧਿਆਣਾ ਦੇ ਜਾਮਾ ਮਸੀਤ ਦੇ ਸ਼ਾਹੀ ਇਮਾਮ ਅਤੇ ਅਜ਼ਾਦੀ ਘੁਲਾਟੀਏ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਉਦੋਂ ਹੀ ਮਹਿਸੂਸ ਕਰ ਲਿਆ ਸੀ ਜਦੋਂ ਪਾਕਿਸਤਾਨ ਦੀ ਮੰਗ ਉੱਠੀ ਸੀ।

ਉਹਨਾਂ ਮੁਸਲਿਮ ਲੀਗ ਦਾ ਵਿਰੋਧ ਕੀਤਾ ਸੀ।ਉਹਨਾਂ ਨੂੰ ਇਹ ਫ਼ਿਕਰ ਸੀ ਕਿ ਇੰਝ ਭਾਰਤ ਦੇ ਟੁਕੜੇ ਤਾਂ ਹੋਣਗੇ ਪਰ ਪੰਜਾਬ ਦੇ ਪੰਜ ਦਰਿਆ ਵੀ ਵੰਡੇ ਜਾਣੇ ਹਨ।ਆਪਣੀਆਂ ਤਕਰੀਰਾਂ ‘ਚ ਉਹਨਾਂ ਸਦਾ ਇਹਦੀ ਵਕਾਲਤ ਕੀਤੀ ਅਤੇ ਸਾਂਝੀ ਵਿਰਾਸਤ ਦੇ ਵਾਸਤੇ ਪਾਏ।

ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਅਤੇ ਅਜਿਹੀਆਂ ਕਈ ਥਾਵਾਂ ਜਿੱਥੇ ਪਾਣੀ ਵੀ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਵੱਜੋਂ ਵੰਡਿਆ ਸੀ,ਉਹਨਾਂ ਇਹਨਾਂ ਪਾਣੀਆਂ ਨੂੰ ਇੱਕ ਕਰਨ ਦੀ ਕੌਸ਼ਿਸ਼ ਕੀਤੀ।ਲੋਕਾਂ ਦੇ ਘੜੇ ਵੱਖੋ ਵੱਖਰੇ ਸਨ ਅਤੇ ਮੌਲਾਨਾ ਕਹਿੰਦੇ ਸਨ ਕਿ ਜੇ ਅਸੀਂ ਪੰਜਾਬ ਦੀ ਰੂਹ ਨੂੰ ਸਮਝਣਾ ਹੈ ਤਾਂ ਸਾਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੇ ਪਾਣੀ ਇੱਕ ਕਰਨੇ ਪੈਣਗੇ।

 

ਲੁਧਿਆਣਵੀ ਪਰਿਵਾਰ

 

ਲੁਧਿਆਣੇ ਦੇ ਪਿੰਡ ਬਲੀਆਵਾਲ ਤੋਂ ਲੁਧਿਆਣਵੀ ਪਰਿਵਾਰ ਦੀ ਵਿਰਾਸਤ ਆਪਣੇ ਆਪ ‘ਚ ਪੰਜਾਬ ਦੀ ਸਾਂਝਾ ਦਾ ਦਸਤਾਵੇਜ਼ ਹੈ।ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਹਨ।ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਇਹਨਾਂ ਦੇ ਪੜਦਾਦਾ ਸਨ।

 

ਮੁਹੰਮਦ ਉਸਮਾਨ ਕਹਿੰਦੇ ਹਨ ਕਹਾਣੀ ਸੁਣਨੀ ਪਏਗੀ ਮੌਲਾਨਾ ਅਬਦੁੱਲ ਸ਼ਾਹ ਕਾਦਰੀ ਤੋਂ,ਇਹ ਮੁੰਹਮਦ ਉਸਮਾਨ ਦੇ ਪੜਦਾਦੇ ਦੇ ਪੜਦਾਦਾ ਸਨ। 1857 ਦੇ ਗਦਰ ‘ਚ ਸ਼ਾਹ ਕਾਦਰੀ ਹੁਣਾਂ ਨੇ ਬ੍ਰਿਟਿਸ਼ ਕੰਪਨੀ ਖਿਲਾਫ ਹੋਈ ਬਗਾਵਤ ‘ਚ ਹਿੱਸਾ ਲਿਆ ਸੀ।

 

ਬਲੀਆਵਾਲ ਸਤਲੁਜ ਦੇ ਕੰਢੇ ਮੱਤੇਵਾੜੇ ਦੇ ਜੰਗਲਾਂ ਕੋਲ ਪੈਂਦਾ ਪਿੰਡ ਹੈ।ਉਹਨਾਂ ਸਮਿਆਂ ‘ਚ ਮੰਨਿਆ ਜਾਂਦਾ ਹੈ ਕਿ ਸ਼ਾਹ ਵਲੀਉੱਲਾ ਮੁਹੱਦਸ ਦੇਹਲਵੀ ਦਾ ਭਾਰਤ ‘ਚ ਬਹੁਤ ਨਾਮ ਸੀ।ਭਾਰਤ ਦੇ ਬਹੁਤੇ ਮੁਸਲਮਾਨ ਉਹਨਾਂ ਦੇ ਉਲੀਕੇ ਪ੍ਰਬੰਧ ‘ਤੇ ਤੁਰਦੇ ਹਨ।

 

ਕਹਿੰਦੇ ਹਨ ਕਿ ਆਮ ਲੋਕਾਂ ਦੀ ਪਹੁੰਚ ਤੱਕ ਪਵਿੱਤਰ ਕੁਰਾਨ ਸ਼ਰੀਫ਼ ਦੀ ਉਹਨਾਂ ਵਿਆਖਿਆ ਕੀਤੀ।ਇਹਨਾਂ ਕੋਲ ਮੌਲਾਨਾ ਸ਼ਾਹ ਕਾਦਰੀ ਹੁਣਾਂ ਨੂੰ ਉਹਨਾਂ ਦੀ 8-10 ਦੀ ਉਮਰ ‘ਚ ਵਲੀਆਬਾਦ ਦੇ ਮੌਲਾਨਾ ਅਬਦੁੱਲਾ ਵਲੀ ਦਿੱਲੀ ਲੈਕੇ ਆਏ।

 

ਬਲੀਆਬਾਦ ਪਿੰਡ ਦਾ ਨਾਮ ਇਹਨਾਂ ਦੇ ਨਾਮ ‘ਤੇ ਸੀ।ਸ਼ਾਹ ਵਲੀਉੱਲਾ ਮੁਹੱਦਸ ਦੇਹਲਵੀ ਦਾ ਰੁੱਤਬਾ ਦੇਵਬੰਦ ਦੇ ਸਿਲਸਿਲੇ ‘ਚ ਜਾਮੀਆ ਮਾਲੀਆ,ਅਲੀਗੜ੍ਹ ਜਿਹੀਆਂ ਯੂਨੀਵਰਸਿਟੀਆਂ ‘ਚ ਖਾਸ ਰਿਹਾ ਹੈ।ਦੇਹਲਵੀ ਉਹਨਾਂ ਦਿਨਾਂ ‘ਚ ਜੈਰਾਜਪੁਰ (ਜੈਪੁਰ) ਰਹਿੰਦੇ ਸਨ।ਇੱਥੋਂ ਤਾਲੀਮਯਾਫ਼ਤਾ ਮੌਲਾਨਾ ਸ਼ਾਹ ਕਾਦਰੀ ਬਲੀਆਬਾਦ ਆ ਗਏ।

 

ਇਸੇ ਦੌਰਾਨ ਅਫਿਗਾਨਿਸਤਾਨ ‘ਚ ਦੂਜੀ ਕਹਾਣੀ ਚੱਲ ਰਹੀ ਹੈ।ਇੱਥੇ ਅਮੀਰ ਦੋਸਤ ਮੁੰਹਮਦ ਖ਼ਾਨ ਨੇ ਕਬਜ਼ਾ ਕੀਤਾ ਹੋਇਆ ਹੈ।ਸ਼ਾਹ ਸਜਾਉਨ ਮੁਲਕ ਕਾਬਲੋਂ ਨੱਠਕੇ ਭਾਰਤ ਆ ਗਿਆ ਹੈ।

 

ਵਾਇਸਰਾਏ ਨਾਲ ਗੱਲਬਾਤ ਮਗਰੋਂ ਉਹਨਾਂ ਨੂੰ ਭਾਰਤ ਦੇ ਸਰਹੱਦੀ ਸ਼ਹਿਰ ਲੁਧਿਆਣਾ ‘ਚ ਬਾਦਸ਼ਾਹਤ ਰੁਤਬੇ ਬਰਾਬਰ ਮਹਿਮਾਨ ਵਜੋਂ ਆਸਰਾ ਦਿੱਤਾ ਜਾਂਦਾ ਹੈ।

 

ਲੁਧਿਆਣੇ ਜਾਮਾ ਮਸੀਤ ਦੇ ਪਹਿਲੇ ਸ਼ਾਹੀ ਇਮਾਮ

 

ਇੱਥੇ ਹੀ ਸ਼ਾਹ ਮੁਲਕ ਮੌਲਾਨਾ ਸ਼ਾਹ ਕਾਦਰੀ ਨੂੰ ਮਿਲੇ ਅਤੇ ਬਲੀਆਬਾਦ ਤੋਂ ਬੇਨਤੀ ਕਰਦਿਆਂ ਲੁਧਿਆਣੇ ਸ਼ਾਹਿਰ ‘ਚ ਲੈ ਆਏ।ਮੌਲਾਨਾ ਅਬਦੁੱਲ ਸ਼ਾਹ ਕਾਦਰੀ ਨੇ ਇੱਥੇ ਮੌਜਪੁਰਾ ਬਾਜ਼ਾਰ ‘ਚ ਮੁਸਲਮਾਨਾਂ ਦੀ ਬਸਤੀ ‘ਚ ਆਪਣਾ ਰਹਿਣ ਬਸੇਰਾ ਚੁਣਿਆ। ਇਹ 1836 ਦੀਆਂ ਗੱਲਾਂ ਹਨ।ਇੰਝ ਮੌਲਾਨਾ ਸ਼ਾਹ ਕਾਦਰੀ ਲੁਧਿਆਣੇ ਜਾਮਾ ਮਸੀਤ ਦੇ ਪਹਿਲੇ ਸ਼ਾਹੀ ਇਮਾਮ ਬਣੇ।

 

ਸ਼ਾਹ ਮੁਲਕ ਸ਼ਾਹ ਜਮਨ ਦਾ ਭਰਾ ਸੀ।ਦੁਰਾਣੀ ਰਜਵਾੜੇ ‘ਚੋਂ ਸ਼ਾਹ ਮੁਲਕ ਨੇ ਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾ ਤੋਹਫੇ ਵਜੋਂ ਦਿੱਤਾ ਸੀ।ਇਸੇ ਸਿਲਸਿਲੇ ‘ਚ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਫੌਜਾਂ ਨੇ ਆਪੋ ਆਪਣੀ ਦੋਸਤੀ ਨਿਭਾਉਂਦਿਆਂ ਸ਼ਾਹ ਮੁਲਕ ਲਈ ਅਫਗਾਨਿਸਤਾਨ ‘ਚ ਤਖ਼ਤਾ ਪਲਟਾਇਆ ਸੀ।ਬੇਸ਼ੱਕ ਸ਼ਾਹ ਮੁਲਕ ਇਸ ਤੋਂ ਬਾਅਦ ਇੱਕ ਸਾਲ ਹੀ ਰਾਜ ਕਰ ਸਕਿਆ।

 

ਇਸ ਕਹਾਣੀ ਦੇ ਦੂਜੇ ਪਾਸੇ ਸਾਂਝ ‘ਚ ਅਮੀਰ ਦੋਸਤ ਮੁੰਹਮਦ ਖ਼ਾਨ ਵੀ ਮੌਲਾਨਾ ਸ਼ਾਹ ਕਾਦਰੀ ਦੀ ਇੱਜ਼ਤ ਕਰਦਾ ਸੀ।1857 ਦੀ ਕ੍ਰਾਂਤੀ ਦੌਰਾਨ ਮੌਲਾਨਾ ਕਾਦਰੀ ਨੇ ਮਦਦ ਲਈ ਆਪਣੇ ਪੁੱਤਰ ਸੈਫ ਉਰ ਰਹਿਮਾਨ ਨੂੰ ਕਾਬੁਲ ਭੇਜਿਆ ਸੀ।ਅੱਜ ਵੀ ਅਫਗਾਨਿਸਤਾਨ ਦੇ ਸ਼ੌਰ ਬਾਜ਼ਾਰ ਮੁਹੱਲੇ ‘ਚ ਲੁਧਿਆਣਵੀ ਪਰਿਵਾਰ ਦੀ ਦੂਜੀ ਨਸਲ ਜਿਊਂਦੀ ਹੈ।

 

ਮੌਲਾਨਾ ਸ਼ਾਹ ਕਾਦਰੀ ਦੇ ਪੜਪੋਤੇ ਨੇ ਆਪਣੇ ਪਰਿਵਾਰ ਦੇ ਇਸੇ ਜਜ਼ਬੇ ਨੂੰ ਅੱਗੇ ਚੱਲਕੇ ਭਾਰਤ ਦੀ ਅਜ਼ਾਦੀ ਦੌਰਾਨ ਤੋਰਿਆ।ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ 1929 ਦੀ ਮਜਲਿਸ-ਏ-ਅਹਿਰਾਰ ਦੇ ਹਿੱਸਾ ਸਨ।ਇਹ ਵੱਖਰੀ ਸੋਸ਼ਲਿਸਟ ਮੁਸਲਿਮ ਜਮਾਤ ਸੀ ਜੋ ਸਭ ਦੀ ਗੱਲ ਕਰਦੀ ਹੋਈ ਆਪਣਾ ਨਜ਼ਰੀਆ ਮੁਸਲਿਮ ਲੀਗ ਤੋਂ ਵੱਖਰਾ ਰੱਖਦੀ ਸੀ।

 

ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸਾਂਝੀਵਾਲਤਾ ਨਾਲ ਬਾਖੂਬੀ ਬੁਣਿਆ,ਤਰਾਸ਼ਿਆ ਅਤੇ ਸਮਝਿਆ ਸੀ।ਉਹਨਾਂ ਇਸ ਲਈ ਬਕਾਇਦਾ ਮਹਾਤਮਾ ਗਾਂਧੀ ਨਾਲ ਨਰਾਜ਼ਗੀ ਰੱਖੀ ਸੀ ਕਿ ਬਾਪੂ ਫਿਰਕਾਪ੍ਰਸਤ ਮੁਸਲਮਾਨਾਂ ਅੱਗੇ ਗੋਡੇ ਟੇਕ ਗਏ ਸਨ।

1947…ਉਹ ਦਿਨ

 

ਲੁਧਿਆਣੇ ‘ਚ ਆਜ਼ਾਦੀ ਦੇ ਉਹਨਾਂ ਦਿਨਾਂ ‘ਚ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਮੁਲਕ ਦੀ ਤਕਸੀਮ ਹੋ ਜਾਵੇਗੀ।ਦੇਸ਼ ਆਜ਼ਾਦ ਹੋਇਆ।ਸ਼ਾਹੀ ਮਸੀਤ ‘ਚ ਝੰਡਾ ਲਹਿਰਾਇਆ ਗਿਆ।ਉਹ ਦਿਨ ਰਮਜ਼ਾਨ ਸ਼ਰੀਫ ਦੇ ਸਨ।ਰੋਜ਼ੇ ਚੱਲ ਰਹੇ ਸਨ।ਹਾਫ਼ਿਜ਼ ਅਬੁਦਲ ਨੇ ਗੀਤ ਗਾਇਆ
ਆਓ ਮਨਾਏ ਜਸ਼ਨ-ਏ-ਮੁਸੱਰਤ
ਆਜ ਵਤਨ ਆਜ਼ਾਦ ਹੂਆ ਹੈ…

 

ਕਹਿੰਦੇ ਹਨ ਕਿ ਅਫਵਾਹ ਫੈਲੀ ਕਿ ਅੰਮ੍ਰਿਤਸਰ ਕੱਟ-ਵੱਢ ਹੋਈ ਹੈ।ਇੱਕ ਹਫਤੇ ਬਾਅਦ ਲੁਧਿਆਣੇ ਸ਼ਰਨਾਰਥੀ ਆਉਣੇ ਸ਼ੁਰੂ ਹੋ ਗਏ।ਮੁਹੱਲਿਆਂ ‘ਚ ਲੜਾਈਆਂ ਸ਼ੁਰੂ ਹੋ ਗਈਆਂ।ਬਲੋਚ ਰੈਜ਼ੀਮੇਂਟ ਪਹੁੰਚੀ ਤਾਂ ਉਹਨਾਂ ਹਿਫਾਜ਼ਤ ਨਾਲ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣਾ ਸ਼ੁਰੂ ਕੀਤਾ।ਇਸ ਪੂਰੇ ਮਾਹੌਲ ‘ਚ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੂੰ ਪਰਿਵਾਰ ਵਾਲੇ ਉਧਰ ਜਾਣ ਨੂੰ ਕਹਿੰਦੇ ਸਨ।

 

ਮਸ਼ਹੂਰ ਕਾਂਗਰਸੀ ਬਾਪੂ ਬਚਨ ਸਿੰਘ ਹੁਣਾਂ ਆਪਣਾ ਧਰਮ ਨਿਭਾਇਆ ਅਤੇ ਕਿੰਨੇ ਪਰਿਵਾਰਾਂ ਨੂੰ ਕਤਲੋਗਾਰਤ ਹੋਣ ਤੋਂ ਬਚਾਇਆ।ਇਸੇ ਕਰਕੇ ਫਿਰਕੂ ਤਾਕਤਾਂ ਬਾਪੂ ਬਚਨ ਸਿੰਘ ਦਾ ਵੀ ਕਤਲ ਕਰਨਾ ਚਾਹੁੰਦੀਆਂ ਸਨ।ਮਾਸਟਰ ਤਾਜ਼ੂਦੀਨ ਅੰਸਾਰੀ ਨੇ ਕੌਸ਼ਿਸ਼ ਕੀਤੀ ਕਿ ਲੜਾਈ ਨਾ ਹੋਏ।ਸ਼ਹਿਰ ‘ਚ ਫਸਾਦ ਨਾ ਰੁਕੇ।ਸ਼ਰਾਰਤੀ ਅਨਸਰਾਂ ਨੂੰ ਮੌਕਾ ਮਿਲਿਆ।ਮੌਲਾਨਾ ਮੁਲਕ ਨਹੀਂ ਛੱਡਣਾ ਚਾਹੁੰਦੇ ਸਨ।

 

ਉਹ ਕਹਿੰਦੇ ਸਨ ਕਿ ਇਹ ਮੇਰਾ ਮੁਲਕ ਹੈ ਅਤੇ ਇਸ ਆਜ਼ਾਦੀ ਲਈ ਅਸੀਂ ਘਾਲਣਾ ਕੀਤੀ ਸੀ।ਪਰਿਵਾਰ ਕਹਿੰਦਾ ਸੀ ਕਿ ਚਲੇ ਜਾਈਏ ਪਰ ਮੌਲਾਨਾ ਸਾਹਬ ਅੜੇ ਰਹੇ।ਕਸ਼ਮਕਸ਼ ‘ਚ 2 ਮਹੀਨੇ ਲੰਘ ਗਏ।ਆਜ਼ਾਦੀ ਕਾਹਦੀ ਸੀ ਵੰਡ ਸੀ ਅਤੇ ਹਿਜਰਤ ਜਿਉਂ ਸ਼ੁਰੂ ਹੋਈ 8 ਮਹੀਨੇ ਚੱਲਦੀ ਰਹੀ।ਇਸ ਤੋਂ ਬਾਅਦ ਵੀ ਚੱਲਦੀ ਰਹੀ।ਕਿੰਨੇ ਰਾਹ ‘ਚ ਰੁਲ ਗਏ ਅਤੇ ਕਿੰਨੇ ਪਹੁੰਚ ਗਏ ਅਤੇ ਜਿਹੜੇ ਪਹੁੰਚ ਗਏ ਉਹਨਾਂ ਦੀਆਂ ਗੱਲਾਂ ‘ਚੋਂ ਵੰਡ ਤਾਉਮਰ ਰਿਹਾ ਹੈ।ਇਹ ਕੌੜਾ ਸੱਚ ਹੈ।

 

ਉਸ ਸਾਲ ਬੜਾ ਮੀਂਹ ਪਿਆ,ਜਿਵੇਂ ਰੱਬ ਰੌਂਦਾ ਹੋਵੇ।ਸੋਣ ਭਾਂਦੋਂ ਦੇ ਮਹੀਨੇ ਅਤੇ ਡਰ ਕਿ ਕਿਸੇ ਵੇਲੇ ਵੀ ਕਤਲ ਹੋ ਸਕਦਾ ਹੈ।ਮੌਲਾਨਾ ਸਾਹਿਬ ਅਤੇ ਪਰਿਵਾਰ ਨੇ ਸੋਚਿਆ ਦਿੱਲੀ ਚਲੇ ਜਾਈਏ ਪਰ ਡਰ ਇਹ ਸੀ ਕਿ ਦੋਰਾਹੇ ਵਾਲੀ ਨਹਿਰ ਵੀ ਟੱਪ ਨਹੀਂ ਹੋਣੀ।ਅਖੀਰ ਸਪੈਸ਼ਲ ਰੇਲਗੱਡੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਪਾਕਿਸਤਾਨ ਨੂੰ ਰਵਾਨਾ ਹੋ ਗਏ।ਮੌਲਾਨਾ ਹਬੀਬ ਉਰ ਰਹਿਮਾਨ ਆਪਣੀ ਬੇਗ਼ਮ ਸ਼ਫ਼ਾਤ ਬੇਗ਼ਮ ਅਤੇ ਬੱਚਿਆਂ ਨਾਲ ਲਾਹੌਰ ਪਹੁੰਚੇ।

 

ਇੱਥੇ ਮੌਲਾਨਾ ਅਹਿਮਦ ਅਲੀ ਲਾਹੌਰੀ ਨੇ ਆਸਰਾ ਦਿੱਤਾ।ਅਹਿਮਦ ਅਲੀ ਲਾਹੌਰੀ ਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ। ਇਹ ਸਰਦਾਰ ਤੋਂ ਮੁਸਲਮਾਨ ਬਣੇ ਸਨ।ਇੱਥੋਂ ਮੌਲਾਨਾ ਸਾਹਬ ਆਪਣੇ ਪਰਿਵਾਰ ਨਾਲ ਬਹਾਵਲਪੁਰ ਨਵਾਬ ਦੇ ਸੱਦੇ ‘ਤੇ ਬਹਾਵਲਪੁਰ ਚਲੇ ਗਏ।ਪਰ ਮੌਲਾਨਾ ਸਾਹਬ ‘ਤੇ ਪਾਕਿਸਤਾਨ ‘ਚ ਹਮਲੇ ਹੋਏ।

 

ਮੁਸਲਿਮ ਲੀਗ ਵੱਲੋਂ ਵਿਰੋਧ ਵੀ ਕੀਤਾ ਗਿਆ ਕਿਉਂ ਕਿ ਮੌਲਾਨਾ ਸਾਹਬ ਨੇ ਮੁਸਲਿਮ ਲੀਗ ਦੀ ਸਦਾ ਖਿਲਾਫਤ ਕੀਤੀ ਸੀ। ਗੱਲ ਪੰਡਿਤ ਜਵਾਹਰ ਲਾਲ ਨਹਿਰੂ ਕੋਲ ਪਹੁੰਚੀ।ਉਹਨਾਂ ਮੁੜ ਭਾਰਤ ਦਾ ਸੱਦਾ ਦਿੱਤਾ। ਮਲਿਕਾ ਸਾਰਾਬਾਈ ਦੀ ਭੈਣ ਲਾਹੌਰ ਏਅਰਪੋਰਟ ‘ਤੇ ਸੀ।ਉਹਦੀ ਮਦਦ ਨਾਲ ਵਾਇਆ ਦਿੱਲੀ ਮੁੜ ਪੰਜਾਬ ਪਹੁੰਚੇ ਪਰ ਇਸ ਹਿਜਰਤ ਨੇ ਬਹੁਤ ਕੁਝ ਖੋਹ ਲਿਆ ਸੀ।ਜਿਹਦਾ ਇੱਕ ਕਿੱਸਾ ਸ਼ਫਾਤ ਬੇਗ਼ਮ ਹੈ।

ਇੱਕ ਸੀ ਸ਼ਫਾਤ ਬੇਗ਼ਮ

 

ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਦੱਸਦੇ ਹਨ ਕਿ ਵੰਡ ਤੋਂ ਬਾਅਦ ਬਹਾਵਲਪੁਰ ਆਏ ਤਾਂ ਪੜਦਾਦੀ ਸ਼ਫਾਤ ਬੇਗ਼ਮ ਕਹਿੰਦੇ ਕਿ ਲਾਹੌਰ ਹੀ ਚੱਲੀਏ।ਲੁਧਿਆਣਾ ਛੁੱਟ ਗਿਆ ਸੋ ਗਿਆ ਪਰ ਲਾਹੌਰ ਤੋਂ ਲੁਧਿਆਣਾ ਨੇੜੇ ਲੱਗਦਾ ਹੈ।ਮੌਲਾਨਾ ਹਬੀਬ ਉਰ ਰਹਿਮਾਨ ਨੂੰ ਅਹਿਸਾਸ ਸੀ ਕਿ ਸ਼ਫਾਤ ਬੇਗ਼ਮ ਵੰਡ ਦਾ ਗ਼ਮ ਲੈ ਗਈ ਹੈ।ਸ਼ਫਾਤ ਬੇਗ਼ਮ ਨੇ ਰਾਹ ਜਾਂਦੇ ਹਿੰਦੂ,ਮੁਸਲਮਾਨਾਂ ਸਿੱਖਾਂ ਨੂੰ ਪੁੱਛਣਾ ਕਿ ਤੁਸੀਂ ਕਿਦਾਂ ਇੱਕ ਦੂਜੇ ਦੇ ਪਿਆਰ ਨੂੰ ਭੁਲਾਕੇ ਕੱਟ-ਵੱਢ ਕੀਤੀ।

 

ਇਸ ਵੰਡ ‘ਚ ਸ਼ਫ਼ਾਤ ਬੇਗ਼ਮ ਦਾ ਦਰਦ ਸੀ ਕਿ ਘਰ ਢੁਹਾਇਆ,ਕੁਰਕੀਆਂ ਹੋਈਆਂ,ਆਜ਼ਾਦੀ ਦੀ ਲੜਾਈ ‘ਚ ਘਾਲਣਾ ਕੀਤੀ ਅਤੇ ਜਦੋਂ ਅਜ਼ਾਦੀ ਆਈ ਤਾਂ ਮਿੱਟੀ ਛੱਡਣੀ ਪਈ।ਇਸ ਹਾਲ ਹਵਾਲ ‘ਚ ਮੌਲਾਨਾ ਸਾਹਬ ਦੇ ਦੋ ਮੁੰਡੇ ਵਿਛੜ ਗਏ।ਉਹਨਾਂ ਦੀ ਇੱਕ ਕੁੜੀ ਗੋਦ ‘ਚ ਸੀ।ਬਾਰਿਸ਼ਾਂ ਦੇ ਇਹਨਾਂ ਦਰਦ ਭਰੇ ਮੌਸਮਾਂ ‘ਚ ਹੈਜ਼ਾ ਫੈਲਣ ਕਰਕੇ ਉਹਨੇ ਆਖਰੀ ਸਾਹ ਗੋਦ ‘ਚ ਹੀ ਲਏ।

 

1948 ਜਨਵਰੀ ਨੂੰ ਬਿਨਾਂ ਪਾਸਪੋਰਟ ਦੇ ਜਦੋਂ ਮੁੜ ਭਾਰਤ ਆਏ ਤਾਂ ਦਿੱਲੀ ਹੁੰਦੇ ਹੋਏ ਲੁਧਿਆਣਾ ਪਹੁੰਚੇ ਤਾਂ ਸਾਹਮਣੇ ਆਪਣੇ ਹੀ ਘਰ ‘ਚ ਲਾਇਲਪੁਰ ਤੋਂ ਆਏ ਪਰਿਵਾਰ ਨੂੰ ਵੇਖਿਆ।ਰਫਿਊਜ਼ੀ ਪਰਿਵਾਰ ਨੂੰ ਮੁਹੱਲੇ ਵਾਲਿਆਂ ਦੱਸਿਆ ਕਿ ਕਿ ਇਹ ਇਸ ਘਰ ਦੇ ਮਾਲਕ ਹਨ ਤਾਂ ਸ਼ਫ਼ਾਤ ਬੇਗ਼ਮ ਕਹਿੰਦੇ ਕਿ ਨਹੀਂ ਹੁਣ ਇਹੋ ਇਸ ਦੇ ਮਾਲਕ ਹਨ।

 

ਜਿਵੇਂ ਅਸੀਂ ਉਝੜੇ ਉਂਝ ਹੀ  ਇਹ ਉਝੜਕੇ ਆਏ ਹਨ।ਇਸ ਉਜਾੜੇ ‘ਚ ਉਂਝ ਵੀ ਰਫਿਊਜ਼ੀ ਪਰਿਵਾਰ ਦਾ ਹਾਲ ਇਹ ਸੀ ਕਿ ਇੱਕ ਹੀ ਘਰ ‘ਚ ਤਿੰਨ ਤਿੰਨ ਪਰਿਵਾਰ ਰਹਿ ਰਹੇ ਸਨ। ਮੌਜ਼ਪੁਰ ਦੀ ਮਸੀਤ ਦਾ ਆਪਣਾ ਹੀ ਮਾਹੌਲ ਸੀ।ਇੱਥੇ ਮਸੀਤ ‘ਚ ਹੀ ਸਿੱਖਾਂ ਦੇ ਵਿਆਹ ਵੀ ਹੁੰਦੇ ਸਨ ਕਿਉਂ ਕਿ ਭੀੜੇ ਮੁਹੱਲੇ ‘ਚ ਸਾਂਝੀ ਖੁੱਲੀ ਥਾਂ ਇਹੋ ਸੀ।

 

ਲੋਕਾਂ ‘ਚ ਆਪਸੀ ਪਿਆਰ ਸੀ।ਸ਼ਫਾਤ ਬੇਗ਼ਮ ਇਹਨਾਂ ਸਮਿਆਂ ਦਾ ਵਜੂਦ ਸੀ।ਵੰਡ ਦੇ ਗ਼ਮ ਨੇ ਸ਼ਫਾਤ ਬੇਗ਼ਮ ਨੂੰ 6 ਮਹੀਨੇ ਤੋਂ ਵੱਧ ਜ਼ਿੰਦਾ ਨਾ ਰਹਿਣ ਦਿੱਤਾ।ਸ਼ਫਾਤ ਬੇਗ਼ਮ ਕਹਿੰਦੇ ਸਨ ਕਿ ਮੈਂ ਉਹਨਾਂ ਨੂੰ ਸਿੱਖ,ਹਿੰਦੂ,ਮੁਸਲਮਾਨ ਨਹੀਂ ਮੰਨਦੀ ਜਿਹਨਾਂ ਆਪਸ ‘ਚ ਪੰਜਾਬੀਆਂ ਨੂੰ ਕਤਲ ਕੀਤਾ।ਪੰਜਾਬ ਇੱਕ ਆਦਰਸ਼ ਸੀ ਅਤੇ ਸ਼ਫ਼ਾਤ ਬੇਗ਼ਮ ਉਸ ਪੰਜਾਬ ਦੇ ਵਾਸੀ ਸਨ।

ਸਾਡਾ ਪੰਜਾਬ

ਕੋਈ ਪੁਰਖਿਆਂ ਦੀ ਆਸੀਸ ਹੈ ਕਿ ਖ਼ਤਮ ਨਹੀਂ ਹੋਵੇਗੀ।ਇਸੇ ਦੀ ਬਰਕਤ ‘ਚ ਅੱਜ ਵੀ ਉਮੀਦ ਹੈ।

 

ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਆਪਣੇ ਪੜਦਾਦੇ ਨੂੰ ਯਾਦ ਕਰਦਿਆਂ ਕਹਿੰਦੇ ਹਨ ਕਿ ਸ਼ਕਲ ਸੂਰਤ ਅਤੇ ਸੱਭਿਅਤਾ ਮੁਤਾਬਕ ਜੇ ਅਸੀਂ ਇੱਕ ਦੂਜੇ ਨੂੰ ਕਬੂਲਦੇ ਹਾਂ,ਤਾਂ ਹੀ ਅਸੀਂ ਸਹੀ ਲੀਹੇ ਹਾਂ,ਨਹੀਂ ਤਾਂ ਅਸੀਂ ਫਿਰਕਾਪ੍ਰਸਤ ਹਾਂ।ਸਾਡਾ ਦੂਜੇ ਨੂੰ ਉਹਦੇ ਢੰਗ ਨਾਲ ਤਸਲੀਮ ਕਰਨ ਦਾ ਨਾਮ ਹੀ ਪੰਜਾਬੀਅਤ ਹੈ।

 

ਇੱਕ ਦੂਜੇ ਦੀਆਂ ਰਵਾਇਤਾਂ ਅਤੇ ਵਜੂਦ ਦਾ ਸਤਕਾਰ ਕਰੋ।ਕੌਸ਼ਿਸ਼ ਕਰੋ ਹਿੰਦੂ ਮਸੀਤਾਂ ‘ਚ ਆਉਣ,ਮੁਸਲਮਾਨ ਗੁਰਦੁਆਰਿਆਂ ‘ਚ ਜਾਣ ਅਤੇ ਸਿੱਖ ਮੰਦਰਾਂ ‘ਚ ਆਉਣ।ਕਈ ਵਾਰ ਇੱਕ ਦੂਜੇ ਬਾਰੇ ਜਾਣਕਾਰੀ ਨਾ ਹੋਣਾ ਹੀ ਸਾਡੀਆਂ ਦੂਰੀਆਂ ਨੂੰ ਬਰਕਰਾਰ ਰੱਖਦਾ ਹੈ।ਧਰਮ ਨਹਾਇਤ ਹੀ ਵੱਡਾ ਅਤੇ ਰੂਹਾਨੀ ਜਜ਼ਬਾ ਹੈ।

 

ਧਰਮ ਦੀ ਅਗਿਆਨਤਾ ‘ਚ ਫਤਵੇ ਹਨ,ਸਿਰ ਕਲਮ ਕਰਨ ਦੀਆਂ ਗੱਲਾਂ ਹਨ ਅਤੇ ਬਾਈਕਾਟ ਕਰਨ ਦੇ ਚਰਚੇ ਹਨ।ਇੱਕ ਦੂਜੇ ਨੂੰ ਸੱਦਾ ਦਿਓ।ਜੀ ਆਇਆਂ ਨੂੰ ਹੀ ਸਾਂਝੀਵਾਲਤਾ ਦਾ ਪਹਿਲਾ ਸਿਰਨਾਵਾਂ ਹੈ।

ਨਹੀਂ ਰਹੇ , ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਵੀਰਵਾਰ ਦੇਰ ਰਾਤ ਲੁਧਿਆਣਾ ਦੇ ਵਿੱਚ ਦੇਹਾਂਤ ਹੋ ਗਿਆ. ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਬੀਤੇ ਦਿਨੀਂ ਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਜਿਥੇ ਦੇਰ ਰਾਤ ਉਨ੍ਹਾਂ ਨੇ ਆਖਰੀ ਸਾਹ ਲਏ ਉਨ੍ਹਾਂ ਦੇ ਜਨਾਜ਼ੇ ਦੀ ਨਮਾਜ਼ ਅੱਜ ਰਾਤੀਂ ਸਾਢੇ ਅੱਠ ਵਜੇ ਫੀਲਡਗੰਜ ਚੌਂਕ ਪੁਰਾਤਨ ਜਾਮਾ ਮਸਜਿਦ ਦੇ ਬਾਹਰ ਅਦਾ ਕੀਤੀ ਜਾਏਗੀ.

Scroll to Top