ਚੰਡੀਗੜ੍ਹ 22 ਜੂਨ 2022: ਦੇਸ਼ ਵਿੱਚ ਕੋਰੋਨਾ ਵਾਇਰਸ (Corona Virus) ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ | ਬੁੱਧਵਾਰ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਅਪਡੇਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 12,249 ਮਾਮਲੇ ਸਾਹਮਣੇ ਆਏ ਹਨ, ਇੱਕ ਦਿਨ ਪਹਿਲਾਂ 10 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ 13 ਮੌਤਾਂ ਵੀ ਹੋਈਆਂ ਹਨ। ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 81,687 ਹੋ ਗਈ ਹੈ ਜੋ ਕੁੱਲ ਕੇਸਾਂ ਦਾ 0.19 ਫੀਸਦੀ ਹੈ। ਰੋਜ਼ਾਨਾ ਇਨਫੈਕਸ਼ਨ ਦੀ ਦਰ ਵਧ ਕੇ 3.94 ਫੀਸਦੀ ਹੋ ਗਈ ਹੈ।
ਇਸਦੇ ਨਾਲ ਹੀ ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਹੋਇਆ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਦਿੱਲੀ ਦੇ ਹਸਪਤਾਲ ਵਿੱਚ ਦਾਖਲ ਸੰਕਰਮਿਤ ਲੋਕਾਂ ਦੀ ਗਿਣਤੀ ਦੋ ਗੁਣਾ ਤੋਂ ਵੱਧ ਹੋ ਗਈ ਹੈ।
ਦੂਜੇ ਪਾਸੇ ਮਹਾਰਾਸ਼ਟਰ ਵਿੱਚ ਕੋਰੋਨਾ ਦੇ 3260 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 24639 ਹੋ ਗਈ ਹੈ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ ਮਹਾਨਗਰ ਮੁੰਬਈ ਵਿੱਚ ਕੋਰੋਨਾ ਦੇ 1,648 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮੁੰਬਈ ਵਿੱਚ ਕੋਵਿਡ-19 ਦੇ 13,501 ਐਕਟਿਵ ਕੇਸ ਹਨ।
ਦੇਸ਼ ‘ਚ ਕੋਰੋਨਾ ਵਾਇਰਸ (Corona Virus) ਦੇ ਵਧਦੇ ਸੰਕਰਮਣ ਦੀ ਦਰ ਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸ਼ੁੱਕਰਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ। ਦੇਸ਼ ‘ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ। ਮੀਟਿੰਗ ਦੀ ਕੋਰ ਟੀਮ ਵਿੱਚ ਡਾ. ਰਣਦੀਪ ਗੁਲੇਰੀਆ, ਡਾਇਰੈਕਟਰ, ਏਮਜ਼, ਡਾ. ਬਲਰਾਮ ਭਾਰਗਵ, ਡਾਇਰੈਕਟਰ ਜਨਰਲ, ICMR ਅਤੇ ਸੁਜੀਤ ਸਿੰਘ, ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਸ਼ਾਮਲ ਹਨ।