ਚੰਡੀਗੜ੍ਹ 14 ਜੂਨ 2022: ਐਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਨੇ ਰਾਸ਼ਟਰਪਤੀ ਚੋਣ ਲਈ ਵਿਰੋਧੀ ਪਾਰਟੀਆਂ ਦਾ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੋਰ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸਦੀ ਜਾਣਕਾਰੀ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਿੱਤੀ | ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਖੱਬੇ ਪੱਖੀ ਨੇਤਾਵਾਂ ਨੇ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ ਹੈ |
ਇਸ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਪਵਾਰ ਨੇ ਯੇਚੁਰੀ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜਨਰਲ ਸਕੱਤਰ ਡੀ ਰਾਜਾ ਅਤੇ ਐਨਸੀਪੀ ਨੇਤਾਵਾਂ ਪ੍ਰਫੁੱਲ ਪਟੇਲ ਅਤੇ ਪੀਸੀ ਚਾਕੋ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ |ਇਸ ਦੌਰਾਨ ਮਮਤਾ ਬੈਨਰਜੀ ਗੈਰ-ਭਾਜਪਾ ਪਾਰਟੀਆਂ ਦੇ ਨੇਤਾਵਾਂ ਨਾਲ ਬੈਠਕ ਲਈ ਦਿੱਲੀ ਪਹੁੰਚ ਗਏ ਹਨ।
ਉਨ੍ਹਾਂ ਨੇ ਇਹ ਮੀਟਿੰਗ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਬੁਲਾਈ ਹੈ। ਤ੍ਰਿਣਮੂਲ ਕਾਂਗਰਸ ਪ੍ਰਧਾਨ ਬੈਨਰਜੀ ਨੇ ਰਾਸ਼ਟਰਪਤੀ ਚੋਣ ਲਈ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ‘ਤੇ ਸਹਿਮਤੀ ਬਣਾਉਣ ਲਈ 15 ਜੂਨ ਨੂੰ ਦਿੱਲੀ ‘ਚ ਮੀਟਿੰਗ ਬੁਲਾਈ ਹੈ। ਰਾਸ਼ਟਰਪਤੀ ਦੀ ਚੋਣ 18 ਜੁਲਾਈ ਨੂੰ ਹੋਵੇਗੀ।
ਇਸਦੇ ਨਾਲ ਹੀ ਕਾਂਗਰਸ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ‘ਤੇ ਜ਼ੋਰ ਦੇ ਰਹੀ ਹੈ। ਜਿੱਥੇ ਵੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਨੇ ਸ਼ਰਦ ਪਵਾਰ (Sharad Pawar) ਨੂੰ ਆਪਣਾ ਸਮਰਥਨ ਆਪਣੇ ਸਹਿਯੋਗੀਆਂ ਤੱਕ ਪਹੁੰਚਾਇਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਸੰਦੇਸ਼ ਨਾਲ ਪਿਛਲੇ ਵੀਰਵਾਰ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਨੇਤਾਵਾਂ ਨੇ ਮੁੰਬਈ ‘ਚ ਮੁਲਾਕਾਤ ਕੀਤੀ।