ਚੰਡੀਗੜ੍ਹ 17 ਮਈ 2022: ਪਾਕਿਸਤਾਨ ‘ਚ ਅੱਤਵਾਦੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦਿਨ ਸੋਮਵਾਰ ਨੂੰ ਕਰਾਚੀ (Karachi) ‘ਚ ਜ਼ਬਰਦਸਤ ਬੰਬ ਧਮਾਕਾ ਹੋਇਆ । ਇਸ ਦੌਰਾਨ ਖਰਦਰ ਇਲਾਕੇ ਵਿੱਚ ਨਿਊ ਮੇਮਨ ਮਸਜਿਦ ਨੇੜੇ ਹੋਏ ਬੰਬ ਧਮਾਕੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ।
ਇਸ ਧਮਾਕੇ ਨੂੰ ਲੈ ਕੇ ਕਰਾਚੀ (Karachi) ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਲਈ ਇਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਸੀ। ਇਸ ਹਮਲੇ ਵਿੱਚ ਪੁਲਿਸ ਪਿਕਅੱਪ ਅਤੇ ਕੁਝ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਸ ਨੇ ਸਿੰਧ ਸਰਕਾਰ ਦੀ ਮਦਦ ਕਰਨ ਦੀ ਗੱਲ ਵੀ ਕਹੀ ਹੈ। ਇੱਥੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਸਾਰੇ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਿੰਧ ਦੇ ਆਈਜੀਪੀ ਮੁਸ਼ਤਾਕ ਅਹਿਮਦ ਮਹਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ।
ਕਰਾਚੀ ਸ਼ਹਿਰ ‘ਤੇ ਤਿੰਨ ‘ਚ ਇਹ ਦੂਜਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਰਾਚੀ ਦੇ ਸਦਰ ਇਲਾਕੇ ਦੇ ਕੋਲ ਹੋਏ ਧਮਾਕੇ ‘ਚ 1 ਨਾਗਰਿਕ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਨੂੰ ਅੰਜਾਮ ਦੇਣ ਲਈ ਬਾਈਕ ‘ਚ ਆਈਈਡੀ ਫਿੱਟ ਕੀਤੀ ਗਈ ਅਤੇ ਉਸ ਨੂੰ ਧਮਾਕਾ ਕਰ ਦਿੱਤਾ ਗਿਆ।
ਪਾਕਿਸਤਾਨ ‘ਚ ਪਿਛਲੇ ਕੁਝ ਸਾਲਾਂ ‘ਚ ਅੱਤਵਾਦੀ ਘਟਨਾਵਾਂ ‘ਚ ਭਾਰੀ ਵਾਧਾ ਹੋਇਆ ਹੈ। 18 ਦਿਨ ਪਹਿਲਾਂ ਹੀ ਕਰਾਚੀ ਯੂਨੀਵਰਸਿਟੀ ‘ਤੇ ਹੋਏ ਆਤਮਘਾਤੀ ਹਮਲੇ ‘ਚ ਪੰਜ ਲੋਕ ਮਾਰੇ ਗਏ ਸਨ। ਇਹ ਹਮਲਾ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਇਕ ਕਾਰ ਦੇ ਕੋਲ ਹੋਇਆ। ਮਾਰੇ ਗਏ ਪੰਜਾਂ ਵਿੱਚੋਂ ਤਿੰਨ ਚੀਨ ਦੀਆਂ ਮਹਿਲਾ ਪ੍ਰੋਫੈਸਰ ਸਨ। ਚੌਥਾ ਉਸਦਾ ਪਾਕਿਸਤਾਨੀ ਡਰਾਈਵਰ ਸੀ ਅਤੇ ਪੰਜਵਾਂ ਉਸਦਾ ਗਾਰਡ ਸੀ।