ਚੰਡੀਗੜ੍ਹ 07 ਅਪ੍ਰੈਲ 2022: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸਬੰਧੀ ਇੱਕ ਸਮਾਗਮ ਮੌਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਮੀਡੀਆ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵਿਰੁੱਧ ਇਤਰਾਜ਼ਯੋਗ ਬਿਆਨ ਦੀ ਸ਼੍ਰੋਮਣੀ ਕਮੇਟੀ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਜਿੰਮੇਵਾਰ ਸਪੀਕਰ ਦੇ ਅਹੁਦੇ ਉੱਤੇ ਬੈਠ ਕੇ ਜੇਕਰ ਸ. ਕੁਲਤਾਰ ਸਿੰਘ ਸੰਧਵਾਂ ਅਜਿਹੇ ਬੇਤੁਕੇ ਬਿਆਨ ਦੇਣ ਤਾਂ ਉਹ ਚੰਗੀ ਗੱਲ ਨਹੀਂ। ਸ. ਕੁਲਵਿੰਦਰ ਸਿੰਘ ਨੇ ਕਿਹਾ ਕੇ ਸ. ਕੁਲਤਾਰ ਸਿੰਘ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ “ਚੋਰ” ਕਹਿ ਕਿ ਕਿੰਨਾਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਹੈ ਅਤੇ ਕੀ ਉਨ੍ਹਾਂ ਦਾ ਇਹ ਬਿਆਨ ਰਾਜਨੀਤਕ ਹੈ? ਉਨ੍ਹਾਂ ਕਿਹਾ ਕਿ ਜੇਕਰ ਸ. ਕੁਲਤਾਰ ਸਿੰਘ ਦਾ ਬਿਆਨ ਰਾਜਨੀਤੀ ਤੋਂ ਪ੍ਰੇਰਤ ਨਹੀਂ ਤਾਂ ਉਹ ਇਹ ਗੱਲ ਸਾਬਤ ਕਰਨ।
ਇਸਦੇ ਨਾਲ ਹੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਉਹ ਇੱਕ ਜਿੰਮੇਵਾਰੀ ਵਾਲੇ ਅਹੁਦੇ ਉੱਤੇ ਬੈਠ ਕੇ ਸਿੱਖਾਂ ਦੀ 100 ਸਾਲ ਪੁਰਾਣੀ ਸਿਰਮੌਰ ਸੰਸਥਾ ਨੂੰ ਕੇਵਲ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧ ਸੰਭਾਲਣ ਦੇ ਨਾਲ-ਨਾਲ 100 ਤੋਂ ਵੱਧ ਵਿਦਿਅਕ, ਧਾਰਮਿਕ ਅਤੇ ਸਿਹਤ ਅਦਾਰੇ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ ਪਾਰਦਰਸ਼ੀ ਹੈ ਅਤੇ ਸੰਸਥਾ ਦੇ ਸਮੁੱਚੇ ਖ਼ਰਚ ਆਦਿ ਦੇ ਵੇਰਵੇ ਇਤਿਹਾਸਕ ਗੁਰਦੁਆਰਾ ਗਜ਼ਟ ਵਿੱਚ ਸੰਗਤ ਨੂੰ ਹਰ ਮਹੀਨੇ ਮੁਹੱਈਆ ਕਰਵਾਏ ਜਾਂਦੇ ਹਨ।