ਭਾਰਤੀ ਸੁਰੱਖਿਆ ਬਲਾਂ

ਭਾਰਤੀ ਸੁਰੱਖਿਆ ਬਲਾਂ ਨੇ ਬਾਰਾਮੂਲਾ ‘ਚ ਅੱਤਵਾਦੀ ਨੂੰ ਹਥਿਆਰ ਤੇ ਗੋਲਾ ਬਾਰੂਦ ਸਮੇਤ ਕੀਤਾ ਕਾਬੂ

ਚੰਡੀਗੜ੍ਹ 06 ਮਈ 2022: ਭਾਰਤੀ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ‘ਚ ਲਸ਼ਕਰ-ਏ-ਤੈਅਬਾ ਦੇ ਇਕ ‘ਹਾਈਬ੍ਰਿਡ’ ਅੱਤਵਾਦੀ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਇਸ ਦੌਰਾਨ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਹਰਕਤ ਦੀ ਖਾਸ ਸੂਚਨਾ ‘ਤੇ ਸੁਰੱਖਿਆ ਬਲਾਂ ਨੇ ਬਾਰਾਮੂਲਾ ‘ਚ ਚੇਰਦਰੀ ਪਹਾੜੀ ਨੇੜੇ ਨਾਕਾਬੰਦੀ ਕਰ ਦਿੱਤੀ ਸੀ। ਇਸ ਨਾਕੇ ‘ਤੇ ਚੈਕਿੰਗ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੇ ਸਾਂਝੀ ਫੋਰਸ ਦੀ ਮੌਜੂਦਗੀ ਨੂੰ ਦੇਖਦਿਆਂ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਦੌਰਾਨ ਫੜੇ ਗਏ ਅੱਤਵਾਦੀਆਂ ਦੀ ਪਛਾਣ ਆਸ਼ਿਕ ਹੁਸੈਨ ਲੋਨ ਨਿਵਾਸੀ ਹੈਦਰ ਮੁਹੱਲਾ, ਉਸ਼ਕਾਰਾ, ਬਾਰਾਮੂਲਾ ਵਜੋਂ ਹੋਈ ਹੈ। ਦੂਜੇ ਅੱਤਵਾਦੀ ਦੀ ਪਛਾਣ ਉਜ਼ੈਰ ਅਮੀਨ ਗਨੀ ਵਾਸੀ ਕੰਠਬਾਗ, ਬਾਰਾਮੂਲਾ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਅੱਠ ਜਿੰਦਾ ਕਾਰਤੂਸ, ਦੋ ਹੈਂਡ ਗ੍ਰੇਨੇਡ ਅਤੇ ਦੋ ਯੂਬੀਜੀਐਲ ਗ੍ਰਨੇਡ ਸਮੇਤ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਅਬਾ ਨਾਲ ਜੁੜੇ ਹੋਏ ਹਨ।

ਬੁਲਾਰੇ ਨੇ ਦੱਸਿਆ ਕਿ ਬਾਰਾਮੂਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਨ੍ਹਾਂ ਅੱਤਵਾਦੀਆਂ ਨੇ ਕੁਝ ਵਿਦੇਸ਼ੀ ਅੱਤਵਾਦੀਆਂ ਰਾਹੀਂ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ ਬਾਰੂਦ ਹਾਸਲ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ‘ਹਾਈਬ੍ਰਿਡ’ ਅੱਤਵਾਦੀ ਅੱਤਵਾਦ ਦੇ ਕਾਰਨਾਂ ਨਾਲ ਹਮਦਰਦੀ ਰੱਖਦੇ ਹਨ ਅਤੇ ਨਿਸ਼ਾਨਾ ਬਣਾ ਕੇ ਹਮਲੇ ਕਰਨ ਅਤੇ ਫਿਰ ਆਮ ਜ਼ਿੰਦਗੀ ਜੀਉਣ ਲਈ ਕਾਫ਼ੀ ਕੱਟੜਤਾ ਦਿਖਾਉਂਦੇ ਹਨ।

Scroll to Top