ਚੰਡੀਗੜ੍ਹ 06 ਮਈ 2022: ਭਾਰਤੀ ਫੌਜ (Indian Army) ਦੁਸ਼ਮਣ ਦੇ ਜਹਾਜ਼ਾਂ ਅਤੇ ਡਰੋਨਾਂ ਨੂੰ ਤਬਾਹ ਕਰਨ ਦੀ ਆਪਣੀ ਸਮਰੱਥਾ ਨੂੰ ਵਧਾਉਣ ਲਈ ਇੱਕ ਵੱਡਾ ਮੇਕ ਇਨ ਇੰਡੀਆ ਹੱਲ ਕੱਢਣ ਵਾਲੀ ਹੈ। ਇਸਦੇ ਤਹਿਤ ਆਕਾਸ਼ ਪ੍ਰਾਈਮ ਮਿਜ਼ਾਈਲ ਏਅਰ ਡਿਫੈਂਸ ਮਿਜ਼ਾਈਲ ਸਿਸਟਮ (Akash Prime missile air defence missiles systems) ਦੀਆਂ ਦੋ ਨਵੀਆਂ ਰੈਜੀਮੈਂਟਾਂ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਹੈ ਕਿ ਇਹ ਪ੍ਰਸਤਾਵ ਸਰਕਾਰ ਦੇ ਸਾਹਮਣੇ ਆਖਰੀ ਪੜਾਅ ‘ਤੇ ਹੈ।
ਇਹ ਪ੍ਰਸਤਾਵ ਚੀਨ ਅਤੇ ਪਾਕਿਸਤਾਨ ਦੋਵਾਂ ਦੇ ਹਵਾਈ ਹਮਲਿਆਂ ਵਿਰੁੱਧ ਦੇਸ਼ ਦੀ ਹਵਾਈ ਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਪਹਿਲਾਂ ਫੌਜ ਦੀ ਪੱਛਮੀ ਅਤੇ ਦੱਖਣ-ਪੱਛਮੀ ਕਮਾਂਡਾਂ ਨੇ ਆਕਾਸ਼ ਮਿਜ਼ਾਈਲ ਦੇ ਮੌਜੂਦਾ ਸੰਸਕਰਣ ਦੇ ਲਗਭਗ ਇੱਕ ਦਰਜਨ ਪ੍ਰੀਖਣ ਕੀਤੇ ਸਨ। ਇਨ੍ਹਾਂ ਸਭ ਦੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਸਨ, ਜਦੋਂ ਕਿ ਇਹਨਾਂ ਮਿਜ਼ਾਈਲਾਂ ਨੂੰ ਹਾਲ ਹੀ ਦੇ ਸੰਘਰਸ਼ਾਂ ਦੌਰਾਨ ਇੱਕ ਸੰਚਾਲਨ ਭੂਮਿਕਾ ਵਿੱਚ ਵੀ ਤਾਇਨਾਤ ਕੀਤਾ ਗਿਆ ਸੀ।
ਪ੍ਰਾਈਮ ਸਵਦੇਸ਼ੀ ਐਕਟਿਵ ਰੇਡੀਓ ਫ੍ਰੀਕੁਐਂਸੀ ਸੀਕਰ ਨਾਲ ਲੈਸ
ਆਕਾਸ਼ ਪ੍ਰਾਈਮ ਇੱਕ ਸਵਦੇਸ਼ੀ ਐਕਟਿਵ ਰੇਡੀਓ ਫ੍ਰੀਕੁਐਂਸੀ ਸੀਕਰ ਨਾਲ ਲੈਸ ਹੈ, ਜੋ ਇਸ ਮਿਜ਼ਾਈਲ ਦੇ ਮੌਜੂਦਾ ਸੰਸਕਰਣ ਦੇ ਮੁਕਾਬਲੇ ਬਿਹਤਰ ਸ਼ੁੱਧਤਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਇਹ ਉੱਚ ਉਚਾਈ ਵਾਲੇ ਖੇਤਰਾਂ ਵਿੱਚ ਘੱਟ ਤਾਪਮਾਨ ਵਿੱਚ ਬਿਹਤਰ ਪ੍ਰਦਰਸ਼ਨ ਕਰਦਾ ਹੈ। ਅਕਾਸ਼ ਹਥਿਆਰ ਪ੍ਰਣਾਲੀ ਦੀ ਮੌਜੂਦਾ ਜ਼ਮੀਨੀ ਪ੍ਰਣਾਲੀ ਨੂੰ ਵੀ ਕੁਝ ਸੋਧਾਂ ਨਾਲ ਵਰਤਿਆ ਗਿਆ ਹੈ। ਇਸ ਮਿਜ਼ਾਈਲ ਨੂੰ 4500 ਮੀਟਰ ਦੀ ਉਚਾਈ ਤੱਕ ਤਾਇਨਾਤ ਕੀਤਾ ਜਾ ਸਕਦਾ ਹੈ ਅਤੇ ਇਹ 25 ਤੋਂ 35 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ।