ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
First I was a good boy
then I became a nice kid
after that I was a great guy
later I grew to be a fine man
Now I’m just an old fart
~ Khushwant Singh
ਬੰਦੇ ਦਾ ਸਫ਼ਰ ਇੰਝ ਦਾ ਹੀ ਹੁੰਦਾ ਹੈ। ਨਿਆਰੇ ਬਾਲਪਣ ਤੋਂ ਸੜਾਂਦ ਛੱਡਦੇ ਪੱਦ ਤੱਕ ! ਬੰਦੇ ਦੀ ਖੜੌਤ ਦੀ ਆਖਰੀ ਨਿਸ਼ਾਨੀ !
ਜੋ ਇਸ ਤੋਂ ਪਾਰ ਉਹ ਜ਼ਿੰਦਾਦਿਲ ਬਾਕਮਾਲ ਹੀਰਾ ਬੰਦਾ !
ਜਿਹੜਾ ਬੰਦਾ ਆਪਣੀ ਹੋਣੀਂ ਨੂੰ ਆਪਣੀ ਇਮਾਨਦਾਰੀ ਨਾਲ ਨਾ ਜੀਵੇ ਅਤੇ ਅਸਲ ਤੋਂ ਭੱਜੇ ਉਹ ਅਖੀਰ ਸੜਾਂਦ ਹੀ ਛੱਡਦਾ ਹੈ। ਇਹਨਾਂ ਗੱਲਾਂ ਦੀਆਂ ਵਿਆਖਿਆਵਾਂ ਕਈ ਤਰ੍ਹਾਂ ਹੁੰਦੀਆਂ ਹਨ। ਮੇਰੀ ਵਿਆਖਿਆ ਘੱਟੋ ਘੱਟ ਇੰਝ ਹੈ। ਬੰਦੇ ਆਪਣੀਆਂ ਜੜ੍ਹਾਂ ਨਾਲ ਜੁੜਦੇ ਨਹੀਂ ਅਤੇ ਜੜ੍ਹ ਹੋਈਆਂ ਗੱਲਾਂ ਦੇ ਆਲੇ ਦੁਆਲੇ ਸਿਰਫ ਸੜਾਂਦ ਛੱਡਦੇ ਹਨ। ਜੜ੍ਹਾਂ ਨਾਲ ਜੁੜਣਾ ਬੰਦੇ ਦਾ ਹਾਸਲ ਹੈ ਅਤੇ ਜੜ੍ਹ ਹੋ ਜਾਣਾ ਸੜਾਂਦ ਹੈ। ਜੜ੍ਹ ਹੋ ਜਾਣਾ ਖੜੌਤ ਹੈ।
200 ਸਾਲ ਪੁਰਾਣੇ ਸ਼ਹਿਰ ਕਸੌਲੀ ਵਿੱਚ ਘੁੰਮਦਿਆਂ ਧੀਰਜ ਕੁਮਾਰ ਮਿਲੇ। ਉੱਪਰ ਖੁਸ਼ਵੰਤ ਸਿੰਘ ਦਾ ਜ਼ਿਕਰ ਕੀਤਾ ਲਿਖਿਆ ਉਹਨਾਂ ਦੀ ਟੀ ਸ਼ਰਟ ‘ਤੇ ਸੀ। ਸੈਰ ਸਪਾਟੇ ਦੇ ਰਟੇ ਰਟਾਏ ਬੰਦੋਬਸਤ ਤੋਂ ਸਭ ਵੱਖਰਾ ਹੋ ਗਿਆ। ਜ਼ਹਿਨੀ ਤੌਰ ‘ਤੇ ਹਵਾਵਾਂ ਪਹਾੜਾਂ ਨੂੰ ਮਹਿਸੂਸ ਕਰਨ ਦਾ,ਵੇਖਣ ਦਾ ਨਜ਼ਰੀਆ ਬਦਲ ਗਿਆ।ਜੇ ਉਹ ਨਾ ਮਿਲਦੇ ਤਾਂ ਅਟੋਮੇਸ਼ਨ ‘ਤੇ ਹੁੰਦਾ ਸੈਰ ਸਪਾਟਾ ਹੀ ਰਹਿ ਜਾਂਦਾ।
ਹੁਣ ਤੁਸੀਂ ਸਨ ਰਾਈਜ਼ ਪੋਇੰਟ ‘ਤੇ ਜਾਓ।ਫਿਰ ਮੰਕੀ ਪੋਇੰਟ ਅਤੇ ਫਿਰ ਸਨ ਸੈੱਟ ਅਤੇ ਅਖੀਰ ਵਿਰਾਸਤੀ ਬਾਜ਼ਾਰ ‘ਚੋਂ ਇੱਕਾ ਦੁੱਕਾ ਚੀਜ਼ਾਂ ਦਾ ਸੇਵਨ ਅਤੇ ਘਰ ਲਈ ਕੁਝ ਯਾਦਗਾਰ ਚੀਜ਼ਾਂ ਦੀ ਖਰੀਦਦਾਰੀ ! ਕੁੱਲ ਮਿਲਾਕੇ ਪਹਾੜਾਂ ਨੂੰ ਘੁੰਮਣਾ ਇੰਝ ਹੀ ਹੋ ਗਿਆ ਹੈ।
ਕਸੌਲੀ ਹਰ ਦੂਜਾ ਵੱਡਾ ਘਰ ਕਿਸੇ ਗਰੇਵਾਲ ਦਾ,ਕਿਸੇ ਪੰਜਾਬੀ ਦਾ ਹੈ।ਭਲੇ ਵੇਲਿਆਂ ਦੇ ਘਰ ਅਤੇ ਘਰਾਂ ਅੱਗੇ ਪ੍ਰਾਈਵੇਟ ਪ੍ਰੋਪਰਟੀ ਦੇ ਲਟਕਦੇ ਤਖ਼ਤੇ।ਕਸੌਲੀ 1844 ਦਾ ਬਣਿਆ ਚਰਚ ਆਫ ਇੰਗਲੈਂਡ ਹੈ।ਜੇ ਚਰਚ ਆਫ ਇੰਗਲੈਂਡ ਹੈ ਤਾਂ ਇਹ ਵੈਟੀਕਨ ਸਿਟੀ ਜਾਂ ਪੋਪ ਦੇ ਅਧੀਨ ਨਹੀਂ ਹੋਵੇਗਾ।ਇੱਥੇ ਚਰਚ ਆਫ ਇੰਗਲੈਂਡ ਦਾ ਪ੍ਰਬੰਧ ਹੋਵੇਗਾ।
ਇੰਗਲੈਂਡ ਦੇ ਰਾਜੇ ਹੈਨਰੀ ਅੱਠਵੇਂ ਨੇ ਜਦੋਂ ਦੂਜਾ ਵਿਆਹ ਕੀਤਾ ਤਾਂ ਉਸ ਵਿਆਹ ਨੂੰ ਵੈਟੀਕਨ ਸਿਟੀ ਨੇ ਮਾਨਤਾ ਨਾ ਦੇਕੇ ਪਹਿਲੀ ਰਾਣੀ ਦੇ ਹੱਕ ‘ਚ ਫੈਸਲਾ ਦਿੱਤਾ ਸੀ।ਇੰਗਲੈਂਡ ਦੇ ਰਾਜੇ ਨੇ ਇਸ ਦੀ ਪ੍ਰਵਾਹ ਕੀਤੇ ਬਗੈਰ ਵੈਟੀਕਨ ਸਿਟੀ ਕੈਥੋਲਿਕ ਚਰਚ ਤੋਂ ਇੰਗਲੈਂਡ ਚਰਚ ਦਾ ਬੰਦੋਬਸਤ ਹੀ ਵੱਖਰਾ ਕਰ ਲਿਆ ਸੀ।
ਚਰਚ ਇਸਾਈਆਂ ਦੀ ਇਬਾਦਤਗਾਹ ਹੈ।ਇਹਦਾ ਭਾਰਤੀਕਰਨ ਹੋਇਆ ਹੈ।ਬੰਦੇ ਚਰਚ ਅੰਦਰ ਜੁੱਤੀਆਂ ਲਾਹਕੇ ਪੈਰ ਧੋਕੇ ਜਾਂਦੇ ਹਨ।ਜਦੋਂ ਕਿ ਚਰਚ ਅੰਦਰ ਜਾਣ ਦੀ ਰਵਾਇਤ ਆਮ ਇੰਝ ਨਹੀਂ ਹੁੰਦੀ।
ਵੱਧ ਰਹੇ ਸੈਰ ਸਪਾਟੇ ‘ਚ ਨਵ ਵਿਆਹੇ ਜੋੜੇ ਸਵੇਰ ਤੋਂ ਦੁਪਹਿਰ ਹੁੰਦਿਆਂ ਲੜਦੇ ਖਿਝਦੇ ਨਜ਼ਰ ਆ ਰਹੇ ਨੇ ਅਤੇ ਹੈਰੀਟੇਜ ਮਾਰਕੀਟ ਦੀ ਆਪਣੀ ਪਰੇਸ਼ਾਨੀ ਹੈ ਕਿਉਂ ਕਿ ਉਹਨਾਂ ਸਾਲ ਦਾ ਚਾਰ ਲੱਖ ਠੇਕਾ ਦੇ ਦੁਕਾਨ ਲਈ ਹੈ ।
ਇਸ ਸਭ ‘ਚ ਸੱਜਣ ਆਪਣੇ ਸ਼ਹਿਰਾਂ ਦੇ ਰੌਲੇ ਦੇ ਨਾਲ ਹੀ ਆਉਂਦੇ ਨੇ ਅਤੇ ਉਸੇ ਦੇ ਨਾਲ ਤੁਰ ਪੈਂਦੇ ਨੇ ਅਤੇ ਉਸੇ ਰੌਲੇ ਦੇ ਨਾਲ ਹੀ ਵਾਪਸ ਆ ਜਾਂਦੇ ਨੇ ।
ਇੱਥੇ ਆ ਖੁਸ਼ਵੰਤ ਸਿੰਘ ਦੇ ਘਰ ਵੱਲ ਨੂੰ ਸੰਘਣੀ ਛਾਂ ਦੇ ਦੁਆਲੇ ਵਿਹੜੇ ‘ਚ ਅੰਬਰਾ ਵੱਲ ਨੂੰ ਮੂੰਹ ਕਰ ਕੁਦਰਤ ਦੀ ਬਹਾਰ ਮਹਿਸੂਸ ਕਰਨ ਦਾ ਜੋ ਸਵਾਦ ਹੈ ਜਿੱਥੇ ਰਫਤਾਰ ਦਾ ਸ਼ੋਰ ਨਹੀਂ ਸਗੋਂ ਅਜਬ ਸ਼ਾਂਤੀ ਹੈ ਅਤੇ ਕੁਦਰਤ ਦੇ ਆਪਣੇ ਕਾਇਦੇ ‘ਚ ਲੰਮੇ ਰੁੱਖ, ਠੰਡੀ ਛਾਂ, ਸੁਹਾਣੀ ਹਵਾ, ਪੰਛੀਆਂ ਦੇ ਸੁਰ ਅਤੇ ਅੰਦਰ ਦੀ ਚੁੱਪ ਹੈ ਇਹਨੂੰ ਲੈਣ ਲਈ ਤਾਂ ਖੁਦ ਹੀ ਜਾਣਾ ਪਵੇਗਾ ਇਹ ਹਰੇਕ ਲਈ ਨਿਜੀ ਮਹਿਸੂਸ ਕਰਨ ਦੀ ਗੱਲ ਹੈ ।
ਧੀਰਜ ਕੁਮਾਰ ਮਿਲੇ।ਉਹਨਾਂ ਦੇ ਦਾਦਾ ਛੱਜੂ ਰਾਮ ਤੇਜਾ ਸਿੰਘ ਮਲਿਕ ਦੇ ਇਸ ਘਰ ਦੀ ਦੇਖ ਰੇਖ ਕਰਦੇ ਸਨ।ਤੇਜਾ ਸਿੰਘ ਮਲਿਕ ਨੇ ਇਹ ਘਰ ਆਪਣੇ ਜਵਾਈ ਖੁਸ਼ਵੰਤ ਸਿੰਘ ਨੂੰ ਦਾਜ ਵਿੱਚ ਦਿੱਤਾ ਸੀ।ਉਹਨਾਂ ਸਮਿਆਂ ‘ਚ ਅੱਗੋਂ ਛੱਜੂ ਰਾਮ ਦਾ ਪੁੱਤ ਠਾਕੁਰ ਦਾਸ ਨੇ ਇਸ ਘਰ ਦੀ ਸੇਵਾ ਸਾਂਭੀ।
ਹੁਣ ਇਹ ਘਰ ਖੁਸ਼ਵੰਤ ਸਿੰਘ ਦੇ ਪੁੱਤਰ ਰਾਹੁਲ ਸਿੰਘ ਦਾ ਹੈ ਅਤੇ ਘਰ ਦੀ ਸਾਂਭ ਸੰਭਾਲ ਕਰਦਾ ਠਾਕੁਰ ਦਾਸ ਦਾ ਪੁੱਤ, ਛੱਜੂ ਰਾਮ ਦਾ ਪੋਤਰਾ ਧੀਰਜ ਕੁਮਾਰ ਹੈ।
ਖੁਸ਼ਵੰਤ ਸਿੰਘ ਦੇ ਲਿਖੇ ਵਾਲੀ ਟੀ ਸ਼ਰਟ ਪਾਈ ਧੀਰਜ ਕੁਮਾਰ ਹੱਸਦਾ ਕਹਿੰਦਾ ਹੈ ਕਿ ਤਿੰਨ ਪੀੜ੍ਹੀਆਂ ਦੇ ਮਾਲਕਾਂ ਨਾਲ ਇਸ ਘਰ ਦੀ ਸਾਂਭ ਸੰਭਾਲ ਕਰਦਿਆਂ ਅਸੀਂ ਵੀ ਤਿੰਨ ਪੀੜ੍ਹੀਆਂ ਨਾਲੋਂ ਨਾਲ ਤੁਰੀਆਂ ਹਾਂ।
ਧੀਰਜ ਕੁਮਾਰ ਨੇ ਵਿਆਹ ਨਹੀਂ ਕਰਵਾਇਆ।ਮੈਂ ਪੁੱਛਿਆ ਕਿ ਹੁਣ ਅੱਗੋਂ ਘਰ ਨੂੰ ਕੌਣ ਸਾਂਭੇਗਾ।ਧੀਰਜ ਕੁਮਾਰ ਕਹਿੰਦੇ ਜੀ ਵਿਆਹ ਜੀ ਦਾ ਜੰਜਾਲ ਹੈ।ਔਖਾ ਹੈ ਗ੍ਰਹਿਸਥੀ ਨਿਭਾਉਣਾ !
ਇਸ ਘਰ ਨਾਲ ਸਬੰਧਿਤ ਕਿੱਸਾ ਹੈ।
ਸੰਜੇ ਦੱਤ ਸਨਾਵਰ ਪੜ੍ਹਦਾ ਸੀ। ਸੁਨੀਲ ਦੱਤ ਉਹਨਾਂ ਦਿਨਾਂ ‘ਚ ਵਿੱਤੀ ਤੰਗੀ ਤੋਂ ਗੁਜ਼ਰ ਰਹੇ ਸਨ। ਉਹਨਾਂ ਸਕੂਲ ਮਾਪਿਆਂ ਦੀ ਮੀਟਿੰਗ ਵਿੱਚ ਆਉਣਾ ਸੀ। ਆਪਣੇ ਮਿੱਤਰਾਂ ਨਾਲ ਗੱਲ ਕੀਤੀ ਕਿ ਹੋਟਲਾਂ ਵਿੱਚ ਕੌਣ ਰੁਕੇਗਾ ? ਆਪਣੇ ਕਿਸੇ ਜਾਣ ਪਛਾਣ ‘ਚੋਂ ਕਿਸੇ ਦਾ ਠੌਹਰ ਠਿਕਾਣਾ ਹੈ ਉੱਥੇ ?
ਕਿਸੇ ਦੱਸਿਆ ਕਿ ਖੁਸ਼ਵੰਤ ਸਿੰਘ ਦਾ ਘਰ ਹੈ। ਖੁਸ਼ਵੰਤ ਸਿੰਘ ਉਹਨਾਂ ਦਿਨਾਂ ‘ਚ ਇਲਸਟ੍ਰੇਟਡ ਵੀਕਲੀ ‘ਚ ਸੰਪਾਦਕ ਸਨ ਅਤੇ ਮੁੰਬਈ ਰਹਿੰਦੇ ਸਨ। ਨਰਗਿਸ ਦੱਤ ਉਹਨਾਂ ਕੋਲ ਬੰਗਲੇ ‘ਚ ਰਹਿਣ ਬਾਰੇ ਪੁੱਛਣ ਗਈ। ਖੁਸ਼ਵੰਤ ਸਿੰਘ ਆਪਣੇ ਚੁੱਟਕਲਿਆਂ ਕਰਕੇ,ਹਾਜ਼ਰ ਜਵਾਬੀ ਕਰਕੇ ਮਸ਼ਹੂਰ ਸੀ। ਨਰਗਿਸ ਨੂੰ ਬੋਲੇ ਕਿ ਤੁਹਾਡਾ ਆਪਣਾ ਘਰ ਹੈ ਤੁਸੀਂ ਰਹਿ ਸਕਦੇ ਹੋ ਪਰ ਮੇਰੀ ਇੱਕ ਸ਼ਰਤ ਹੈ।
ਨਰਗਿਸ ਨੇ ਪੁੱਛਿਆ : ਕੀ ?
ਖੁਸ਼ਵੰਤ ਸਿੰਘ ਬੋਲੇ ਕਿ ਮੈਂ ਇਸ ਬਾਰੇ ਵੀਕਲੀ ‘ਚ ਆਰਟੀਕਲ ਲਿਖਾਂਗਾ ਕਿ ਤੁਸੀਂ ਮੇਰੇ ਕਸੌਲੀ ਘਰ ਰਹੇ ਸੀ & Nargis slept on my Bed.
ਇਹ ਸੁਣਕੇ ਨਰਗਿਸ ਬਹੁਤ ਹੱਸੀ। ਖੁਸ਼ਵੰਤ ਸਿੰਘ ਨੇ ਇਹ ਕਿੱਸਾ ਅਖ਼ਬਾਰ ਵਿੱਚ ਸਾਂਝਾ ਕੀਤਾ ਸੀ।
ਜੋ ਹੁਣ ਹੈਰੀਟੇਜ ਮਾਰਕਿਟ ਹੈ ਇਹ ਬਾਅਦ ਵਿੱਚ ਵੱਸੀ ਹੈ।ਪਹਿਲਾਂ ਇਹ ਵਿਰਾਸਤੀ ਬਾਜ਼ਾਰ ਹੇਠਾਂ ਆੜ੍ਹਤ ਬਾਜ਼ਾਰ ਵੱਲ ਹੁੰਦਾ ਸੀ।ਇੱਥੇ ਸ਼ਰਨਜੀਤ ਸਿੰਘ ਨਾਂ ਦਾ ਬੁਜ਼ਰਗ ਆਪਣੀ ਟੀ ਸਟਾਲ ਅਤੇ ਪਕੌੜਿਆਂ ਨਾਲ ਪਿਛਲੇ 58 ਸਾਲਾਂ ਤੋਂ ਵਸਨੀਕ ਹੈ । ਸੋਲਨ ਜ਼ਿਲ੍ਹੇ ਦੇ ਏਸ ਹਿੱਸੇ ‘ਚ ਹਿਮਾਚਲ ਦੇ ਵਸਨੀਕਾਂ ਨਾਲ ਅਸੀ ਪੰਜਾਬੀ ‘ਚ ਹੀ ਗੱਲ ਕਰਦੇ ਰਹੇ ਅਤੇ ਉਹ ਬਾਖੂਬੀ ਸਮਝਦੇ ਰਹੇ । ਉਹਨਾਂ ਨੂੰ ਇਸ ਗੱਲ ‘ਤੇ ਫਖਰ ਹੈ ਕਿ 1857 ਦੀ ਕ੍ਰਾਂਤੀ ਅਤੇ ਰਾਣੀ ਝਾਂਸੀ ਦਾ ਇੱਕ ਇਤਿਹਾਸਕ ਹਿੱਸਾ ਕਸੌਲੀ ਨਾਲ ਸਬੰਧਿਤ ਵੀ ਹੈ ….
ਜਦੋਂ 6 ਸਾਲ ਪਹਿਲਾਂ ਆਇਆ ਸੀ ਤਾਂ ਸ਼ੂਟਿੰਗ ਦੇ ਸਿਲਸਿਲੇ ‘ਚ ਦਿਬਾਕਰ ਬੈਨਰਜੀ ਦੇ ਪਹੁੰਚੇ ਹੋਣ ਕਰਕੇ ਉਸ ਨਾਲ ਮੁਲਾਕਾਤ ਵੀ ਹੋਈ ਸੀ। ਮਨਜੀਤ ਸਿੰਘ ਰਾਜਪੁਰੇ ਨੂੰ ਡਿਟੇਕਟਿਵ ਬਮਕੇਸ਼ ਬਖਸ਼ੀ ਫਿਲਮ ਪਸੰਦ ਨਹੀਂ ਆਈ ਸੀ ਇਹ ਪ੍ਰਤੀਕਿਿਰਆ ਵੀ ਉਸ ਤੱਕ ਪਹੁੰਚ ਗਈ ਇਸੇ ਬਹਾਨੇ ਤਾਂ ਰਾਜਪੁਰਾ ਸਾਹਬ ਗੁੱਸਾ ਕਰ ਗਏ ਸੀ ਕਿ ਦਿਬਾਕਰ ਨੂੰ ਤੁਸੀਂ ਇਹ ਗੱਲ ਕਿਉਂ ਦੱਸੀ।
ਮਨਜੀਤ ਨਾਲ ਉਲਝਣ ਹੁੰਦੀ ਏ ਕਈ ਵਾਰ ਕਿਉਂ ਕਿ ਇੰਝ ਹੀ ਉ ਹਇੱਕ ਸਮੇਂ ਕਹਿੰਦਾ ਸਭ ਹੱਦਾਂ ਪਾਰ ਕਰਕੇ ਖੁਲ੍ਹਾ ਚੱਲਿਆ ਕਰੋ ਦੂਜੇ ਪਲ ਉਹਨੂੰ ਵੀ ਮਿਡਲ ਕਲਾਸ ਦੇ ਸੁੁਭਾਅ ਜਿਹੀ ਪਰੇਸ਼ਾਨੀ ਹੁੰਦੀ ਰਹਿੰਦੀ ਹੈ।
ਕਸੌਲੀ ਪਾਣੀ ਦੀ ਸਪਲਾਈ ਦਾ ਸਿਸਟਮ ਅੰਗਰੇਜ਼ਾਂ ਦਾ ਬਣਾਇਆ ਬਹੁਤ ਕਮਾਲ ਦਾ ਸੀ।ਗੰਭਰ ਨਦੀ ਤੋਂ ਵੱਡੇ ਟੈਂਕ ਬਣਾ ਪਾਣੀ ਇੱਕਠਾ ਕਰਕੇ ਉੱਪਰ ਕਸੌਲੀ ਕਲੱਬ ਤੋਂ ਉੱਤੇ ਟੈਂਕਾ ਵਿੱਚ ਪਹੁੰਚਾਇਆ ਜਾਂਦਾ ਸੀ।ਉੱਤੋਂ ਫਿਰ ਹੇਠਾਂ ਨੂੰ ਕਸੌਲੀ ਨੂੰ ਪਾਣੀ ਸਪਲਾਈ ਹੁੰਦਾ ਸੀ।ਇਹ ਤਕਨੀਕੀ ਤੌਰ ‘ਤੇ ਪਾਣੀ ਸਪਲਾਈ ਕਰਨ ਦਾ ਢੰਗ ਬਹੁਤ ਕਮਾਲ ਦਾ ਸੀ।ਧੀਰਜ ਕੁਮਾਰ ਕਹਿੰਦੇ ਹਨ ਕਿ ਅੰਗਰੇਜ਼ ਚੰਗੇ ਸਨ।ਉਹਨਾਂ ਦਾ ਬਣਾਇਆ ਲਾਜਵਾਬ ਹੈ।
ਅਖੀਰ ਮੋਮਜ਼ ਕਿਚਨ ਦੀ ਬੀਬੀ ਸੋਨੀਆ ਚੋਪੜਾ ਮਿਲੀ।ਪੰਚਕੂਲਾ ਤੋਂ ਇੱਥੇ ਵਿਆਹੀ ਹੈ।ਕਹਿੰਦੀ ਕਿ ਪਹਾੜ ਘੁੰਮਣ ਨੂੰ ਠੀਕ ਹਨ ਪਰ ਲੰਮੀ ਜ਼ਿੰਦਗੀ ਲਈ ਮੇਰੇ ਜਹੇ ਮੈਦਾਨੀ ਇਲਾਕੇ ਦੇ ਵਾਸੀਆਂ ਨੂੰ ਬਹੁਤ ਔਖਾ ਲੱਗਦਾ ਹੈ।ਇਸੇ ਨਾਲ ਹੀ ਨਰਿੰਦਰ ਮਿਠਾਈ ਵਾਲਾ ਹੈ।ਪੁਰਾਣੀ ਦੁਕਾਨ ਹੈ।
ਉਹਨਾਂ ਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਖੁਸ਼ਵੰਤ ਸਿੰਘ ਸਾਡੀ ਦੁਕਾਨ ਤੋਂ ਬਨ ਸਮੋਸਾ ਖਾਂਦਾ ਸੀ।ਬੰਦਿਆਂ ਨੂੰ ਖੁਸ਼ ਹੋਣ ਲਈ ਨਿੱਕੀਆਂ ਨਿੱਕੀਆਂ ਗੱਲਾਂ ਵੱਡਾ ਆਸਰਾ ਦਿੰਦੀਆਂ ਹਨ।ਹੋਂਦ ਨੂੰ ਕੋਈ ਪਛਾਣ ਮਿਲੇ ਬੰਦੇ ਦੇ ਜਿਊਣ ਦਾ ਮੂਲ ਇਸੇ ਸੰਘਰਸ਼ ਦਾ ਹੀ ਹੈ।