Punjab government

ਪੰਜਾਬ ਸਰਕਾਰ ਵਲੋਂ ਭਲਕੇ ਕਿਸਾਨਾਂ ਨੂੰ ਮਿਲੇਗੀ 2000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ

ਚੰਡੀਗ੍ਹੜ 15 ਅਪ੍ਰੈਲ 2022: ਪੰਜਾਬ ਸਰਕਾਰ (Punjab government) ਕੱਲ੍ਹ ਯਾਨੀ ਸ਼ਨੀਵਾਰ ਨੂੰ 2000 ਕਰੋੜ ਰੁਪਏ ਤੋਂ ਵੱਧ ਦੇ ਐੱਮਐੱਸਪੀ ਭੁਗਤਾਨ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਨ ਜਾ ਰਹੀ ਹੈ । ਇਸ ਸੰਬੰਧੀ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤਕ ਕਿਸਾਨਾਂ ਨੂੰ 828 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ ਹੁਣ ਵਿਭਾਗ ਨੇ 2137 ਕਰੋੜ ਰੁਪਏ ਦੇ ਭੁਗਤਾਨਾਂ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਦਿੱਤੀ ਹੈ ਅਤੇ ਭਲਕੇ ਬੈਂਕਾਂ ਵੱਲੋਂ ਇਹ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਕੀਤੀ ਜਾਵੇਗੀ ।

ਇਸਦੇ ਨਾਲ ਹੀ ਮੰਡੀਆਂ ਵਿਚ ਸੁੰਗੜੇ ਹੋਏ ਅਨਾਜ ਦੀ ਆਮਦ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦੇ ਚੱਲ ਰਹੇ ਦੌਰਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ 17 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਭਲਕੇ ਬਾਕੀ ਛੇ ਜ਼ਿਲ੍ਹਿਆਂ ਨੂੰ ਵੀ ਕਵਰ ਕਰ ਲਿਆ ਜਾਵੇਗਾ।

ਖ਼ਰਾਬ ਮੌਸਮ ਕਾਰਨ ਰਾਤ ਭਰ ਪਏ ਮੀਂਹ ਅਤੇ ਮੰਡੀਆਂ ਵਿੱਚ ਖੜ੍ਹੇ ਪਾਣੀ ਕਾਰਨ ਖ਼ਰੀਦ ਕਾਰਜਾਂ ਵਿਚ ਆਉਣ ਵਾਲੇ ਵਿਘਨ ਬਾਰੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿਚ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਰਾਤ ਭਰ ਕੰਮ ਕੀਤਾ ਸੀ ਅਤੇ ਸਿੱਟੇ ਵਜੋਂ ਖਰੀਦ ਕਾਰਜ ਵਿਚ ਅੱਜ ਇੱਕ ਮਿੰਟ ਵੀ ਵਿਘਨ ਨਹੀਂ ਪਿਆ।

ਖਰੀਦ ਦੀ ਚੱਲ ਰਹੀ ਸਥਿਤੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਕਣਕ ਦੀ ਆਮਦ ਸਿਖਰ ‘ਤੇ ਪਹੁੰਚ ਗਈ ਹੈ ਅਤੇ ਅੱਜ ਇਕ ਦਿਨ ਵਿਚ 8.2 ਲੱਖ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ। ਹੁਣ ਤੱਕ ਮੰਡੀਆਂ ਵਿਚ 36 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ 33 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀਆਂ ਹਨ। ਸੂਬੇ ਭਰ ਵਿੱਚ ਪਈ ਅਣਵਿਕੀ ਕਣਕ ਦੀ ਕੁੱਲ ਮਾਤਰਾ ਮਹਿਜ਼ 3 ਲੱਖ ਟਨ ਹੈ ਜੋ ਕਿ ਇੱਕ ਦਿਨ ਦੀ ਆਮਦ ਦਾ 40 ਫੀਸਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੰਡੀਆਂ ਦਾ ਕੰਮ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਦਿਨ ਦੀ 60 ਫੀਸਦੀ ਤੋਂ ਵੱਧ ਆਮਦ ਉਸੇ ਦਿਨ ਹੀ ਖਰੀਦੀ ਜਾ ਰਹੀ ਹੈ।

Scroll to Top