ਚੰਡੀਗੜ੍ਹ 12 ਅਪ੍ਰੈਲ 2022: ਫਰੀਦਕੋਟ ਦੀ ਨਵੀਂ ਬਣੀ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਪੰਜਾਬ ਵਿੱਚ ਕਿਸੇ ਜ਼ਿਲੇ ਦੀ ਐਸ.ਐਸ.ਪੀ. ਬਣਨ ਵਾਲੀ ਪਹਿਲੀ ਮਹਿਲਾ ਓਲੰਪੀਅਨ ਬਣ ਗਈ।ਉਂਝ ਉਹ ਤੀਜੀ ਓਲੰਪੀਅਨ ਹੈ ਜੋ ਪੰਜਾਬ ਵਿੱਚ ਐਸ.ਐਸ.ਪੀ. ਬਣੀ ਹੈ। ਇਸ ਤੋਂ ਪਹਿਲਾ ਹਾਕੀ ਓਲੰਪੀਅਨ ਦਵਿੰਦਰ ਸਿੰਘ ਗਰਚਾ ਤੇ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਐਸ.ਐਸ.ਪੀ. ਰਹਿ ਚੁੱਕੇ ਹਨ। ਫਰੀਦਕੋਟ ਨੂੰ ਦੂਜੀ ਵਾਰ ਓਲੰਪੀਅਨ ਪੁਲਿਸ ਅਫਸਰ ਐਸ.ਐਸ.ਪੀ. ਮਿਲਿਆ ਹੈ।ਇਸ ਤੋਂ ਪਹਿਲਾਂ ਸੁਰਿੰਦਰ ਸਿੰਘ ਸੋਢੀ 2009 ਵਿੱਚ ਇਸ ਜ਼ਿਲੇ ਦੇ ਪੁਲਿਸ ਮੁਖੀ ਰਹੇ ਹਨ। ਅਵਨੀਤ ਕੌਰ ਸਿੱਧੂ ਇਸ ਵੇਲੇ ਫਾਜ਼ਿਲਕਾ ਵਿਖੇ ਐਸ.ਪੀ. ਵਜੋਂ ਤਾਇਨਾਤ ਸੀ। ਉਹ ਫਰੀਦਕੋਟ ਵਿਖੇ ਵੀ ਕੁਝ ਸਮਾਂ ਐਸ.ਪੀ. ਤਾਇਨਾਤ ਰਹੀ ਹੈ।
ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼
ਅਵਨੀਤ ਕੌਰ ਸਿੱਧੂ ਅੱਵਲ ਨੰਬਰ ਦੀ ਨਿਸ਼ਾਨੇਬਾਜ਼ ਹੈ ਜਿਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਈ। ਉਹ ਹਰ ਗੱਲ ਵਿੱਚ ਅੱਵਲ ਰਹੀ। ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ ਅੱਵਲ, ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼। ਨਿਸ਼ਾਨੇਬਾਜ਼ੀ ਕਰਦਿਆਂ ਵੀ ਉਸ ਨੇ 400 ਵਿੱਚੋਂ 400 ਸਕੋਰ ਬਣਾਉਦਿਆਂ ਵਿਸ਼ਵ ਦੇ ਅੱਵਲ ਸਕੋਰ ਦੀ ਬਰਾਬਰੀ ਕੀਤੀ। ਇਕ ਦਰਜਨ ਤਾਂ ਉਹ ਵਿਸ਼ਵ ਕੱਪ ਖੇਡ ਚੁੱਕੀ ਹੈ। ਨਿਸ਼ਾਨੇਬਾਜ਼ੀ ਵਿੱਚ ਨਾਮ ਰੌਸ਼ਨ ਕੀਤਾ ਤਾਂ ਉਸ ਨੂੰ ਪੰਜਾਬ ਸਰਕਾਰ ਨੇ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਪੁਲਿਸ ਦੀ ਸਖਤ ਟਰੇਨਿੰਗ ਵਿੱਚ ਵੀ ਉਹ ਅੱਵਲ ਆਈ। ਪੁਲਿਸ ਖੇਡਾਂ ਵਿੱਚ ਹਿੱਸਾ ਲਿਆ ਤਾਂ ਚਾਰ ਸਾਲ ਤੋਂ ਅੱਵਲ ਆਉਂਦੀ ਰਹੀ। ਪੂਰੀ ਦੁਨੀਆਂ ਦੀਆਂ ਪੁਲੀਸ ਬਲਾਂ ਦੀਆਂ ਖੇਡਾਂ ਹੋਈਆਂ ਤਾਂ ਉਥੇ ਵੀ ਉਹ ਅੱਵਲ ਆਈ।
ਯੁਵਕ ਮੇਲਿਆਂ ਵਿੱਚ ਕੁਇਜ਼ ਮੁਕਾਬਲਿਆਂ ਵਿੱਚ ਵੀ ਅੱਵਲ
ਖੇਡਾਂ ਵਿੱਚ ਝੰਡੇ ਗੱਡਣ ਤੋਂ ਪਹਿਲਾਂ ਉਹ ਪੜ੍ਹਾਈ ਵਿੱਚ ਵੀ ਅੱਵਲ ਹੀ ਆਉਦੀ ਰਹੀ। ਬੀ.ਸੀ.ਏ. ਤੇ ਐਮ.ਏ. (ਅੰਗਰੇਜ਼ੀ) ਦੀ ਟੌਪਰ ਅਵਨੀਤ ਯੁਵਕ ਮੇਲਿਆਂ ਵਿੱਚ ਕੁਇਜ਼ ਮੁਕਾਬਲਿਆਂ ਵਿੱਚ ਵੀ ਅੱਵਲ ਆਈ। ਜਦੋਂ ਉਸ ਲਈ ਵਰ ਲੱਭਿਆ ਤਾਂ ਉਹ ਵੀ ਅੱਵਲ ਦਰਜੇ ਦਾ ਹਾਕੀ ਖਿਡਾਰੀ ਰਾਜਪਾਲ ਸਿੰਘ ਚੁਣਿਆ ਗਿਆ। ਖੇਡ ਜੋੜੀਆਂ ਵਿੱਚੋਂ ਵੀ ਉਹ ਅੱਵਲ ਦਰਜੇ ਦੀ ਜੋੜੀ ਹੈ। ਇਕੱਲੀ ਡਾਕਟਰੀ ਦੀ ਪ੍ਰੀਖਿਆਂ ਵਿੱਚ ਉਹ ਅੱਵਲ ਨਹੀਂ ਆ ਸਕੀ। ਇਸ ਗੱਲ ਦਾ ਖੇਡ ਪ੍ਰੇਮੀ ਹੁਣ ਸ਼ੁਕਰ ਮਨਾਉਦੇ ਹਨ ਕਿਉਕਿ ਜੇ ਉਹ ਉਥੇ ਅੱਵਲ ਆ ਜਾਂਦੀ ਤਾਂ ਭਾਰਤ ਨੂੰ ਨਿਸ਼ਾਨੇਬਾਜ਼ੀ ਖੇਡ ਵਿੱਚ ਅਵਨੀਤ ਵਰਗੀ ਖਿਡਾਰਨ ਨਹੀਂ ਮਿਲਣੀ ਸੀ। ਛੋਟੇ ਹੁੰਦਿਆਂ ਤੋਂ ਹੀ ਡਾਕਟਰ ਬਣਨ ਦੀ ਤਾਂਘ ਪਾਲਣ ਵਾਲੀ ਅਵਨੀਤ ਦਾ ਪੀ.ਐਮ.ਈ.ਟੀ. ਪ੍ਰੀਖਿਆ ਵਿੱਚ ਰੈਂਕ ਥੋੜਾ ਪਿੱਛੇ ਰਹਿ ਗਿਆ ਜਿਸ ਕਾਰਨ ਉਸ ਨੇ ਚੰਗਾ ਕਾਲਜ ਨਾ ਮਿਲਦਾ ਦੇਖ ਕੇ ਡਾਕਟਰੀ ਦੀ ਪੜ੍ਹਾਈ ਛੱਡ ਕੇ ਕੰਪਿਊਟਰ ਐਪਲੀਕੇਸ਼ਨ ਦੀ ਗਰੈਜੂਏਸ਼ਨ ਵਿੱਚ ਦਸ਼ਮੇਸ਼ ਕਾਲਜ ਬਾਦਲ ਵਿਖੇ ਦਾਖਲਾ ਲੈ ਲਿਆ। ਇਸੇ ਕਾਲਜ ਤੋਂ ਹੀ ਹੀ ਉਸ ਦੀ ਤਕਦੀਰ ਬਦਲ ਗਈ ਅਤੇ ਫੇਰ ਉਸ ਨੇ ਬਹੁਤ ਛੋਟੇ ਅਰਸੇ ਵਿੱਚ ਦੁਨੀਆਂ ਜਿੱਤ ਕੇ ਸਾਹ ਲਿਆ।
ਕਈ ਕੁੜੀਆਂ ਨਿਸ਼ਾਨੇਬਾਜ਼ੀ ਲਈ ਹੋਈਆਂ ਪ੍ਰੇਰਿਤ
ਮਾਲਵੇ ਦੀ ਇਹ ਸੁੱਘੜ, ਸਿਆਣੀ ਤੇ ਹੋਣਹਾਰ ਨਿਸ਼ਾਨੇਬਾਜ਼ ਪੰਜਾਬ ਦੀਆਂ ਮਹਿਲਾ ਨਿਸ਼ਾਨੇਬਾਜ਼ਾਂ ਦੀ ਝੰਡਾਬਰਦਾਰ ਹੈ। ਉਹ ਪੰਜਾਬ ਵਿੱਚ ਛੋਟੀ ਉਮਰ ਦੀਆਂ ਲੜਕੀਆਂ ਲਈ ਰਾਹ ਦਸੇਰਾ ਬਣੀ ਅਤੇ ਉਸ ਨੂੰ ਦੇਖੋ-ਦੇਖ ਪੰਜਾਬ ਵਿੱਚ ਕਈ ਕੁੜੀਆਂ ਨਿਸ਼ਾਨੇਬਾਜ਼ੀ ਦੀ ਖੇਡ ਵੱਲ ਪ੍ਰੇਰਿਤ ਹੋਈਆਂ। ਅਵਨੀਤ ਤੋਂ ਪਹਿਲਾਂ ਪੰਜਾਬ ਵਿੱਚ ਇੱਕਾ-ਦੁੱਕਾ ਹੀ ਸਟੇਟ ਪੱਧਰ ਦੀਆਂ ਨਿਸ਼ਾਨੇਬਾਜ਼ ਕੁੜੀਆਂ ਸਨ ਪਰ ਉਸ ਦੀ ਸੁਨਹਿਰੀ ਪ੍ਰਾਪਤੀ ਤੋਂ ਬਾਅਦ ਪੰਜਾਬ ਵਿੱਚ ਇਸ ਖੇਡ ਵਿੱਚ ਕ੍ਰਾਂਤੀ ਹੀ ਆ ਗਈ। ਉਸ ਦੇ ਨਾਲ ਹੀ ਹਰਵੀਨ ਸਰਾਓ ਉੱਠੀ ਅਤੇ ਫੇਰ ਹਿਨਾ ਸਿੱਧੂ ਤੇ ਮਲਾਇਕਾ ਗੋਇਲ ਨੇ ਕਮਾਨ ਸੰਭਾਲਦਿਆਂ ਕੌਮਾਂਤਰੀ ਪਿੜ ਵਿੱਚ ਦੇਸ਼ ਦਾ ਨਾਂ ਚਮਕਾਇਆ।
ਅਵਨੀਤ ਦੀ ਕਾਮਯਾਬੀ ਦੀ ਕਹਾਣੀ ਇਕ ਪਿਓ ਵੱਲੋਂ ਆਪਣੀ ਧੀ ਲਈ ਸੰਜੋਏ ਸੁਫਨਿਆਂ ਦੇ ਸੱਚ ਹੋਣ ਦੀ ਦਾਸਤਾਂ ਹੈ। ਕਿਸੇ ਵੇਲੇ ਪਛੜੇ ਖੇਤਰ ਨਾਲ ਜਾਣਿਆ ਜਾਂਦਾ ਬਠਿੰਡਾ ਅੱਜ ਅਵਨੀਤ ਦੀ ਸਫਲਤਾ ਦੇ ਸ਼ੋਰ ਨੇ ਮੋਹਰਲੀਆਂ ਸਫਾਂ ਵਿੱਚ ਲਿਆਂਦਾ ਹੈ।
ਅਵਨੀਤ ਦੇ ਪਿਤਾ ਨੇ ਕਿਹਾ ਧੀਆਂ ਮਾਪਿਆਂ ਦਾ ਸਿਰ ਫਖਰ ਨਾਲ ਉੱਚਾ ਕਰਦੀਆ ਹਨ
ਅਵਨੀਤ ਦੇ ਪਿਤਾ ਅੰਮ੍ਰਿਤ ਪਾਲ ਸਿੰਘ ਸਿੱਧੂ (ਬਰਾੜ) ਨੇ ਕੁੱਲ ਦੁਨੀਆਂ ਦੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਧੀਆਂ ਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ ਅਤੇ ਉਨ੍ਹਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਜਾਨੂੰਨ ਦੀ ਹੱਦ ਤੱਕ ਜਾਇਆ ਜਾਵੇ ਤਾਂ ਧੀਆਂ ਵੀ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਹਨ। ਪਿਤਾ ਵੱਲੋਂ ਜਨਮ ਦਿਨ ਦੇ ਤੋਹਫੇ ’ਤੇ ਵਿਦੇਸ਼ੋਂ ਮੰਗਵਾਈ ਮਹਿੰਗੀ ਰਾਈਫਲ ਦਾ ਮੁੱਲ ਧੀ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਮਗਿਆਂ ਦਾ ਸੈਂਕੜਾ ਪੂਰਾ ਕਰਕੇ ਮੋੜਿਆ। ਪਿਓ ਦੇ ਜਾਨੂੰਨ ਤੇ ਧੀ ਦੀ ਲਗਨ ਨੇ ਇਸ ਧਾਰਨਾ ਨੂੰ ਖਤਮ ਕੀਤਾ ਕਿ ਨਿਸ਼ਾਨੇਬਾਜ਼ੀ ਵਰਗੀ ਖੇਡ ਵਿੱਚ ਛੋਟੇ ਸ਼ਹਿਰਾਂ ਦੇ ਸਾਧਾਰਣ ਪਰਿਵਾਰਾਂ ਦੀਆਂ ਧੀਆਂ ਇਸ ਮਹਿੰਗੀ ਸਮਝੀ ਜਾਂਦੀ ਖੇਡ ਵਿੱਚ ਆਪਣਾ ਕਰੀਅਰ ਨਹੀਂ ਬਣਾ ਸਕਦੀਆਂ। ਅਵਨੀਤ ਜਿਹੀ ਸੰਸਕਾਰੀ ਧੀ ਸਦੀਆਂ ਵਿੱਚ ਹੀ ਜੰਮਦੀ ਹੈ ਜੋ ਮਾਪਿਆਂ ਦਾ ਸਿਰ ਫਖਰ ਨਾਲ ਉਚਾ ਕਰਦੀ ਹੈ।
ਅਵਨੀਤ ਦੀ ਸਿੱਖਿਆ ਅਤੇ ਸ਼ੂਟਿੰਗ ਖੇਡ ਦੀ ਸ਼ੁਰੂਆਤ
ਅਵਨੀਤ ਦਾ ਜੱਦੀ ਪਿੰਡ ਬਠਿੰਡਾ ਜ਼ਿਲੇ ਵਿੱਚ ਚੱਕ ਅੱਤਰ ਸਿੰਘ ਵਾਲਾ ਹੈ। ਅਵਨੀਤ ਦਾ ਜਨਮ 30 ਅਕਤੂਬਰ 1981 ਨੂੰ ਹੋਇਆ। ਪਰਿਵਾਰ ਦੀ ਰਿਹਾਇਸ਼ ਬਠਿੰਡਾ ਦੀ ਅਜੀਤ ਰੋਡ ’ਤੇ ਸੀ ਅਤੇ ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਅਵਨੀਤ ਦੇ ਮਾਤਾ ਇੰਦਰਜੀਤ ਕੌਰ ਦਸ਼ਮੇਲ ਗਰਲਜ਼ ਕਾਲਜ ਬਾਦਲ ਵਿਖੇ ਲਾਇਬ੍ਰੇਰੀਅਨ ਸਨ। ਸਾਲ 2000 ਵਿੱਚ ਅਵਨੀਤ ਨੇ ਦਸ਼ਮੇਸ਼ ਕਾਲਜ ਵਿਖੇ ਬੀ.ਸੀ.ਏ. ਵਿੱਚ ਦਾਖਲਾ ਲੈ ਲਿਆ। ਉਸ ਵੇਲੇ ਅਵਨੀਤ ਦਾ ਛੋਟਾ ਭਰਾ ਮਨਮੀਤ ਸ਼ੂਟਿੰਗ ਖੇਡ ਦੀ ਸ਼ੁਰੂਆਤ ਕਰ ਚੁੱਕਾ ਸੀ ਅਤੇ ਉਸ ਨੇ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ।
ਕਾਲਜ ਵਿੱਚ ਅਤਿ-ਆਧੁਨਿਕ ਸ਼ੂਟਿੰਗ ਰੇਂਜ ਸੀ ਅਤੇ ਕੋਚਿੰਗ ਲਈ ਵੀਰਪਾਲ ਕੌਰ ਜਿਹੀ ਸਮਰਪਿਤ ਕੋਚ। ਅਵਨੀਤ ਨੇ ਹਾਲੇ ਸ਼ੌਕੀਆ ਖੇਡ ਵੱਲ ਕਦਮ ਵਧਾਏ ਹੀ ਸੀ ਕਿ ਉਨ੍ਹਾਂ ਦਿਨਾਂ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਨਵੀਂ ਰੇਂਜ ਦੇ ਉਦਘਾਟਨ ਲਈ ਦੇਸ਼ ਦੀ ਉਘੀ ਨਿਸ਼ਾਨੇਬਾਜ਼ ਅੰਜਲੀ ਭਾਗਵਤ ਤੇ ਜਸਪਾਲ ਰਾਣਾ ਅਵਨੀਤ ਦੇ ਕਾਲਜ ਪੁੱਜੇ। ਅਵਨੀਤ ਅੰਜਲੀ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਨੇ ਆਪਣੇ ਕਮਰੇ ਵਿੱਚ ਅੰਜਲੀ ਦੇ ਪੋਸਟਰ ਵੀ ਚਿਪਕਾ ਲਏ। ਅੰਜਲੀ ਵਰਗੀ ਬਣਨ ਦੀ ਤਮੰਨਾ ਨੇ ਹੀ ਉਸ ਅੰਦਰ ਨਿਸ਼ਾਨੇਬਾਜ਼ੀ ਖੇਡ ਦੀ ਚਿਣਗ ਲਾ ਦਿੱਤੀ। ਅਵਨੀਤ ਨੇ ਸ਼ੁਰੂਆਤੀ ਦਿਨਾਂ ਵਿੱਚ ਪਿਸਟਲ ਈਵੈਂਟ ਦੀ ਸ਼ੁਰੂਆਤ ਕੀਤੀ। ਕੋਚ ਵੀਰਪਾਲ ਕੌਰ ਨੇ ਕਾਲਜ ਦੀ ਟੀਮ ਚੁਣਦਿਆਂ ਉਸ ਨੂੰ ਪਿਸਟਲ ਦੀ ਬਜਾਏ ਰਾਈਫਲ ਈਵੈਂਟ ਲਈ ਚੁਣਿਆ।
ਪਿਤਾ ਨੇ ਮੰਗਵਾਈ ਜਰਮਨੀ ਤੋਂ ਸਭ ਤੋਂ ਮਹਿੰਗੇ ਭਾਅ ਦੀ ਰਾਈਫਲ
ਅਵਨੀਤ ਦੇ ਪਿਤਾ ਨੇ ਅਗਲੇ ਹੀ ਸਾਲ 2001 ਅਵਨੀਤ ਦੇ ਜਨਮ ਦਿਨ ’ਤੇ ਜਰਮਨੀ ਤੋਂ ਸਭ ਤੋਂ ਮਹਿੰਗੇ ਭਾਅ ਦੀ ਰਾਈਫਲ ਮੰਗਵਾ ਕੇ ਤੋਹਫਾ ਦਿੱਤਾ। ਉਸ ਨੇ ਪਹਿਲਾ ਸਟੇਟ ਜਿੱਤੀ ਅਤੇ ਫੇਰ ਕਾਲਜ ਵੱਲੋਂ ਖੇਡਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣੀ। ਅਵਨੀਤ ਅਗਲੇ ਦੋ ਸਾਲ ਪੰਜਾਬ ਯੂਨੀਵਰਸਿਟੀ ਵੱਲੋਂ ਖੇਡਦਿਆਂ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨ ਬਣੀ। ਅਵਨੀਤ ਬੀ.ਸੀ.ਏ. ਵਿੱਚ ਟਾਪਰ ਰਹੀ। ਫੇਰ ਉਸ ਨੇ ਮੁਕਤਸਰ ਵਿਖੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਵਿਖੇ ਅੰਗਰੇਜ਼ੀ ਦੀ ਐਮ.ਏ. ਵਿੱਚ ਦਾਖਲਾ ਲੈ ਲਿਆ।ਸਾਲ 2005 ਵਿੱਚ ਅਵਨੀਤ ਅੰਗਰੇਜ਼ੀ ਦੀ ਐਮ.ਏ. ਦੇ ਦੂਜੇ ਸਾਲ ਦੇ ਇਮਤਿਹਾਨ ਦੇ ਰਹੀ ਸੀ। ਆਖਰੀ ਇਕ ਇਮਤਿਹਾਨ ਰਹਿੰਦਾ ਸੀ ਕਿ ਉਸ ਨੂੰ ਭਾਰਤੀ ਨਿਸ਼ਾਨੇਬਾਜ਼ੀ ਟੀਮ ਵਿੱਚ ਚੁਣੇ ਜਾਣ ਦਾ ਸੱਦਾ ਆ ਗਿਆ। ਅਵਨੀਤ ਤੋਂ ਖੁਸ਼ੀਂ ਸਾਂਭੀ ਨਹੀਂ ਜਾ ਰਹੀ ਸੀ। ਉਸ ਨੇ ਆਖਰੀ ਇਮਤਿਹਾਨ ਦੇਣ ਦੀ ਆਗਿਆ ਲੈਣ ਤੋਂ ਬਾਅਦ ਕੈਂਪ ਜੁਆਇਨ ਕਰ ਲਿਆ।
ਸਾਲ 2006 ਵਿੱਚ ਮੈਲਬਰਨ ਵਿਖੇ ਰਾਸ਼ਟਰਮੰਡਲ ਖੇਡਾਂ ਹੋਣੀਆਂ ਸਨ ਅਤੇ ਹੈਦਰਾਬਾਦ ਵਿਖੇ ਭਾਰਤੀ ਟੀਮ ਦੇ ਟਰਾਇਲ ਚੱਲ ਰਹੇ ਸਨ। ਅਵਨੀਤ ਨੇ ਟਰਾਇਲਾਂ ਵਿੱਚ 400 ਵਿੱਚੋਂ 400 ਸਕੋਰ ਲੈ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।ਸਾਲ 2006 ਅਵਨੀਤ ਲਈ ਸੁਨਹਿਰੀ ਸਾਲ ਬਣ ਕੇ ਚੜ੍ਹਿਆ। ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਅਵਨੀਤ ਨੇ ਟੀਮ ਈਵੈਂਟ ਵਿੱਚ ਸੋਨੇ ਤੇ ਵਿਅਕਤੀਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਜ਼ਗਰੇਬ ਵਿਖੇ ਹੋਈ 49ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ 400 ਵਿੱਚੋਂ 397 ਸਕੋਰ ਦੇ ਨਾਲ ਛੇਵਾਂ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪੰਜਾਬ ਦੇ ਖੇਡ ਇਤਿਹਾਸ ਦੀ ਪਹਿਲੀ ਮਹਿਲਾ ਨਿਸਾਨੇਬਾਜ਼ ਸੀ। ਸਾਲ ਦੇ ਅਖੀਰ ਵਿੱਚ ਦੋਹਾ ਵਿਖੇ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਅਵਨੀਤ ਨੇ ਕਾਂਸੀ ਦਾ ਤਮਗਾ ਜਿੱਤਿਆ।
ਅਵਨੀਤ ਕੌਰ ਨੇ ਕੌਮੀ ਖੇਡਾਂ ‘ਚ ਪੰਜਾਬ ਲਈ ਜਿੱਤੇ ਦੋ ਚਾਂਦੀ ਦੇ ਤਮਗੇ
ਅਗਲੇ ਹੀ ਸਾਲ 2007 ਵਿੱਚ ਅਵਨੀਤ ਨੇ ਗੁਹਾਟੀ ਵਿਖੇ ਕੌਮੀ ਖੇਡਾਂ ਵਿੱਚ ਪੰਜਾਬ ਲਈ ਦੋ ਚਾਂਦੀ ਦੇ ਤਮਗੇ ਜਿੱਤੇ। ਅਹਿਮਦਾਬਾਦ ਵਿਖੇ 51ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ ਅੰਜਲੀ ਨੂੰ ਹਰਾ ਕੇ ਨੈਸ਼ਨਲ ਚੈਂਪੀਅਨ ਬਣੀ। ਕੁਵੈਤ ਵਿਖੇ 11ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ ਅਵਨੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2007 ਲਈ ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਚੁਣਿਆ।
ਸਾਲ 2008 ਵਿੱਚ ਉਸ ਨੇ ਸਿਡਨੀ ਵਿਖੇ ਹੋਏ ਏ.ਆਈ.ਐਸ.ਐਲ. ਆਸਟਰੇਲੀਆ ਕੱਪ ਵਿੱਚ ਸੋਨ ਤਮਗਾ ਫੁੰਡਿਆ। ਅਗਸਤ ਮਹੀਨੇ ਬੀਜਿੰਗ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਉਹ ਪੁੱਜੀ ਹੀ ਸੀ ਕਿ ਉਸੇ ਦਿਨ ਭਾਰਤ ਵਿੱਚ ਕੌਮੀ ਖੇਡ ਐਵਾਰਡਾਂ ਦਾ ਐਲਾਨ ਹੋਇਆ। ਮੇਰੇ ਉਹ ਪਲ ਭਲੀਭਾਂਤ ਚੇਤੇ ਹਨ ਜਦੋਂ ਮੈਂ ਵੀ ਓਲੰਪਿਕਸ ਕਵਰ ਕਰਨ ਲਈ ਬੀਜਿੰਗ ਪੁੱਜਿਆ ਹੋਇਆ ਸੀ। ਅਥਲੈਟਿਕਸ ਵਿਲੇਜ਼ ਵਿਖੇ ਭਾਰਤੀ ਖੇਡ ਦਲ ਦੇ ਸਵਾਗਤੀ ਸਮਾਰੋਹ ਦੌਰਾਨ ਜਦੋਂ ਮੈਂ ਅਵਨੀਤ ਨੂੰ ਵਧਾਈ ਦਿੱਤੀ ਤਾਂ ਉਸ ਨੇ ਵਧਾਈ ਕਬੂਲਦਿਆਂ ਮੈਨੂੰ ਵੀ ਪਹਿਲੀ ਵਾਰ ਕਵਰੇਜ਼ ਲਈ ਓਲੰਪਿਕ ਖੇਡਾਂ ਵਿੱਚ ਆਉਣ ਦੀ ਵਧਾਈ ਦਿੱਤੀ। ਮੈਂ ਉਸ ਨੂੰ ਕਿਹਾ ਕਿ ਇਹ ਵਧਾਈ ਤਾਂ ਅਰਜੁਨਾ ਐਵਾਰਡੀ ਬਣਨ ਦੀ ਹੈ ਤਾਂ ਉਸ ਨੇ ਬੜੇ ਅਦਬ ਨਾਲ ਕਿਹਾ ਕਿ ਇਹ ਦੋਹਰੀ ਖੁਸ਼ੀ ਦਾ ਮੌਕਾ ਹੈ ਪਰ ਫਿਰ ਵੀ ਅਰਜੁਨਾ ਐਵਾਰਡ ਨਾਲੋਂ ਓਲੰਪੀਅਨ ਬਣਨ ਦੀ ਵੱਡੀ ਖੁਸ਼ੀ ਹੈ। ਅਵਨੀਤ ਨੇ ਬੀਜਿੰਗ ਵਿਖੇ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਦੋ ਈਵੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
ਅਵਨੀਤ ਕੌਰ ਦੀਆਂ ਖੇਡ ‘ਚ ਸੁਨਹਿਰੀ ਪ੍ਰਾਪਤੀਆਂ
ਅਵਨੀਤ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਵਿੱਚ ਏਅਰ ਇੰਡੀਆ ਵੱਲੋਂ 2003 ਤੋਂ 2008 ਤੱਕ 750 ਰੁਪਏ ਪ੍ਰਤੀ ਮਹੀਨਾ ਸ਼ਕਾਲਰਸ਼ਿਪ ਮਿਲਦੀ ਸੀ। ਅਵਨੀਤ ਦੀਆਂ ਸੁਨਹਿਰੀ ਪ੍ਰਾਪਤੀਆਂ ਨੂੰ ਦੇਖਦਿਆਂ 2008 ਵਿੱਚ ਏਅਰ ਇੰਡੀਆ ਨੇ ਉਸ ਨੂੰ ਸਹਾਇਕ ਮੈਨੇਜਰ ਦੀ ਨੌਕਰੀ ਦੇ ਦਿੱਤੀ। ਅਵਨੀਤ ਨੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਜਾਰੀ ਰੱਖੀ। ਉਸ ਨੇ ਕੁੱਲ 12 ਵਿਸ਼ਵ ਕੱਪ ਮੁਕਾਬਲਿਆਂ ਵਿੱਚ ਹਿੱਸਾ ਲਿਆ। ਰੀਓ ਵਿਸ਼ਵ ਕੱਪ ਦੇ ਉਹ ਫਾਈਨਲ ਤੱਕ ਪੁੱਜੀ। ਸਾਲ 2011 ਵਿੱਚ ਅਵਨੀਤ ਨੂੰ ਪੰਜਾਬ ਪੁਲਿਸ ਵਿੱਚ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਇਸੇ ਸਾਲ ਉਸ ਦਾ ਵਿਆਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨਾਲ ਹੋ ਗਿਆ। ਰਾਜਪਾਲ ਸਿੰਘ ਵੀ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਭਰਤੀ ਹੋ ਗਿਆ ਸੀ। 2013 ਵਿੱਚ ਇਸ ਖਿਡਾਰੀ ਜੋੜੇ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਫਤਹਿਰੀਤ ਕੌਰ ਰੱਖਿਆ ਗਿਆ।ਅਵਨੀਤ ਨੇ ਲਗਾਤਾਰ ਚਾਰ ਵਾਰ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਚੈਂਪੀਅਨ ਬਣਦਿਆਂ ਕੁੱਲ 14 ਤਮਗੇ ਜਿੱਤੇ ਜਿਸ ਵਿੱਚ ਅੱਠ ਸੋਨੇ, ਪੰਜ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਸ਼ਾਮਲ ਸੀ। 2017 ਵਿੱਚ ਲਾਂਸ ਏਜਲਸ ਵਿਖੇ ਵਿਸ਼ਵ ਪੁਲਿਸ ਖੇਡਾਂ ਹੋਈਆਂ ਤਾਂ ਅਵਨੀਤ ਭਾਰਤੀ ਪੁਲਿਸ ਟੀਮ ਵੱਲੋਂ ਹਿੱਸਾ ਲੈਣ ਗਈ। ਉਥੇ ਉਸ ਨੇ ਮੈਡਲਾਂ ਦਾ ਚੌਕਾ ਲਗਾਇਆ। ਅਵਨੀਤ ਨੇ ਇਕ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਅਵਨੀਤ ਨੇ ਆਪਣਾ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੇ ਕੌਮਾਂਤਰੀ ਤਮਗੇ ਜਿੱਤੇ ਹਨ।
ਅਵਨੀਤ ਨੂੰ ‘ਆਲ ਰਾਊਂਡ ਫਸਟ ਇਨ ਟਰੇਨਿੰਗ’ ਅਤੇ ‘ਸਵੌਰਡ ਆਫ ਆਨਰ’ ਮਿਲਿਆ
ਨਿਸ਼ਾਨੇਬਾਜ਼ ਹੋਰਨਾਂ ਖੇਡਾਂ ਜਿਵੇਂ ਕਿ ਅਥਲੈਟਿਕਸ, ਹਾਕੀ ਆਦਿ ਦੇ ਖਿਡਾਰੀਆਂ ਮੁਕਾਬਲੇ ਫਿਜ਼ੀਕਲ ਉਨੇ ਫਿੱਟ ਨਹੀਂ ਹੁੰਦੇ। ਪੰਜਾਬ ਪੁਲਿਸ ਦੀ ਕਮਾਂਡੋ ਟਰੇਨਿੰਗ ਵਿਖੇ ਸ਼ੁਰੂਆਤ ਵਿੱਚ ਉਸ ਨੂੰ ਅਥਲੀਟਾਂ ਤੇ ਹਾਕੀ ਖਿਡਾਰੀਆਂ ਮੁਕਾਬਲੇ ਔਖਾ ਲੱਗਣਾ ਪਰ ਇਥੇ ਵੀ ਉਸ ਨੇ ਆਪਣੀ ਸਖਤ ਮਿਹਨਤ ਤੇ ਦਿ੍ਰੜ ਨਿਸ਼ਚੇ ਨਾਲ ਫਤਹਿ ਪਾਈ। ਫਿਲੌਰ ਵਿਖੇ ਪੁਲਿਸ ਟਰੇਨਿੰਗ ਦੇ ਐਵਾਰਡ ਸਮਾਰੋਹ ਦੌਰਾਨ ਅਵਨੀਤ ਨੂੰ ‘ਆਲ ਰਾਊਂਡ ਫਸਟ ਇਨ ਟਰੇਨਿੰਗ’ ਚੁਣਿਆ ਗਿਆ ਅਤੇ ਸਨਮਾਨ ਵਿੱਚ ਉਸ ਨੂੰ ‘ਸਵੌਰਡ ਆਫ ਆਨਰ’ ਭਾਵ ਕਿਰਪਾਨ ਮਿਲੀ।
ਅਵਨੀਤ ਨੂੰ ਜ਼ਿੰਦਗੀ ਦਾ ਹਰ ਪਲ ਜਿਉਣਾ ਹੀ ਨਹੀਂ ਸਗੋਂ ਮਾਣਨਾ ਵੀ ਆਉਦਾ। ਕੋਈ ਦਿਨ-ਤਿਉਹਾਰ, ਪਰਿਵਾਰ, ਸਮਾਜ ਜਾਂ ਖੇਡ ਜਗਤ ਵਿੱਚ ਕੁਝ ਵੀ ਵਾਪਰ ਰਿਹਾ ਹੋਵੇ, ਹਰ ਪਲ ਨੂੰ ਆਪਣੇ ਦੋਸਤਾਂ, ਸਨੇਹੀਆਂ ਤੇ ਪ੍ਰਸੰਸਕਾਂ ਨਾਲ ਸਾਂਝੀ ਕਰਦੀ ਹੈ। ਹਰ ਖੁਸ਼ੀਂ ਮਨਾਉਣੀ ਉਸ ਕੋਲੋਂ ਸਿੱਖੇ। ਛੋਟੇ-ਛੋਟੇ ਪਲਾਂ ਨੂੰ ਉਹ ਆਪਣੀ ਜ਼ਿੰਦਗੀ ਦੀ ਵੱਡੀ ਪੂੰਜੀ ਮੰਨਦੀ ਹੈ। ਅਜਿਹੇ ਹੀ ਕਈ ਪਲਾਂ ਨੂੰ ਸਾਂਝਾ ਕਰਕੇ ਉਸ ਦੇ ਚਿਹਰੇ ਉਤੇ ਅਜੀਬ ਜਿਹੀ ਖੁਸ਼ੀ ਤੇ ਸਕੂਨ ਨਜ਼ਰ ਆਉਦਾ ਹੈ। ਉਹ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਵੀ ਉਨੀ ਖੁਸ਼ ਸੀ ਜਿੰਨੀ ਆਪਣੇ ਪਿੰਡ ਦੇ ਬੋਹੜ ਥੱਲੇਂ ਪੀਂਘਾ ਝੂਟਦੀ ਜਾਂ ਖੇਤ ਟਰੈਕਟਰ ਦੇ ਮਗਰ ਸੁਹਾਗੇ ’ਤੇ ਖੜ੍ਹੀ ਖੁਸ਼ ਹੁੰਦੀ ਹੈ।
ਉਹ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਜਿੱਤ ਕੇ ਬਠਿੰਡਾ ਪੁੱਜੀ ਤਾਂ ਉਸ ਦੇ ਪਿੰਡੋਂ ਅੱਸੀ ਕੁ ਵਰ੍ਹਿਆਂ ਦਾ ਬਜ਼ੁਰਗ ਉਸ ਨੂੰ ਵਧਾਈ ਦੇਣ ਪੁੱਜਾ। ਸਾਧਾਰਣ ਜਿਹੇ ਪਰਿਵਾਰ ਦੇ ਬਜ਼ੁਰਗ ਕੋਲੋਂ ਆਪਣੇ ਪਿੰਡ ਦੀ ਧੀ ਦੇ ਜਿੱਤਣ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਜਦੋਂ ਉਹ 2008 ਵਿੱਚ ਓਲੰਪਿਕਸ ਖੇਡਣ ਜਾ ਰਹੀ ਸੀ ਤਾਂ ਉਸ ਕੋਲੋ ਕੈਂਪ ਤੋਂ ਬਾਅਦ ਬਠਿੰਡਾ ਆਉਣ ਦਾ ਸਮਾਂ ਨਹੀਂ ਸੀ। ਉਸ ਦੇ ਮਾਤਾ-ਪਿਤਾ ਦਿੱਲੀ ਮਿਲਣ ਆਏ। ਉਹ ਆਪਣੇ ਨਾਲ ਅਵਨੀਤ ਦੇ ਦਾਦਾ ਜੀ ਵੱਲੋਂ ਰਿਕਾਰਡ ਕੀਤੇ ਵੀਡਿਓ ਸੰਦੇਸ਼ ਨੂੰ ਲੈ ਕੇ ਆਏ ਜਿਸ ਵਿੱਚ ਉਨ੍ਹਾਂ ‘ਦੇਹ ਸ਼ਿਵਾ ਵਰ ਮੋਹਿ’ ਉਚਾਰਦਿਆਂ ਤਕੜੀ ਹੋ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੱਤੀ ਸੀ। ਉਹ ਅੱਜ ਵੀ ਆਪਣੇ ਦਾਦਾ ਦੀ ਉਹ ਵੀਡਿਓ ਸੁਣਦੀ ਹੈ। ਅਵਨੀਤ ਭਾਵੇਂ ਕਾਨਵੈਂਟ ਸਕੂਲ ਵਿੱਚ ਪੜ੍ਹੀ ਅਤੇ ਪੜ੍ਹਾਈ ਵੀ ਅੰਗਰੇਜ਼ੀ ਦੀ ਐਮ.ਏ. ਕੀਤੀ ਪਰ ਪੰਜਾਬੀ ਨਾਲ ਉਸ ਦਾ ਸ਼ੁਰੂ ਤੋਂ ਲਗਾਓ ਰਿਹਾ। ਇਹ ਗੁਣ ਉਸ ਦੇ ਦਾਦਾ ਕਰਕੇ ਹੈ ਜਿਨ੍ਹਾਂ ਨੇ ਉਸ ਨੂੰ ਸਕੂਲੇ ਪੜ੍ਹਨ ਭੇਜਣ ਤੋਂ ਪਹਿਲਾਂ ਹੀ ਗੁਰਮੁਖੀ ਦਾ ਕੈਦਾ ਸਿਖਾ ਦਿੱਤਾ।
-ਨਵਦੀਪ ਸਿੰਘ ਗਿੱਲ