August 13, 2024 9:51 pm
Hafiz Saeed

ਪਾਕਿਸਤਾਨ ਅਦਾਲਤ ਨੇ ਅੱਤਵਾਦੀ ਹਾਫਿਜ਼ ਸਈਦ ਨੂੰ 2 ਮਾਮਲਿਆਂ ‘ਚ 31 ਸਾਲ ਦੀ ਸੁਣਾਈ ਸਜ਼ਾ

ਚੰਡੀਗੜ੍ਹ 08 ਅਪ੍ਰੈਲ 2022: ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ (Hafiz Saeed) ਨੂੰ ਦੋ ਮਾਮਲਿਆਂ ਵਿਚ ਕੁੱਲ 31 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਈਦ ਦੀਆਂ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਸਈਦ ਦੀ ਜਮਾਤ-ਉਦ-ਦਾਵਾ, ਲਸ਼ਕਰ-ਏ-ਤੈਅਬਾ ਦਾ ਫਰੰਟ ਸੰਗਠਨ 2008 ਦੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਕੁੱਲ 166 ਲੋਕ ਮਾਰੇ ਗਏ ਸਨ।

ਇਸ ਤੋਂ ਪਹਿਲਾਂ ਫਰਵਰੀ 2020 ‘ਚ ਹਾਫਿਜ਼ ਸਈਦ ਨੂੰ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਸੀ। ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਹਾਫਿਜ਼ ਸਈਦ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ਮਾਮਲਿਆਂ ‘ਚ ਸਈਦ ‘ਤੇ 15 ਹਜ਼ਾਰ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ।

FATF ਦੀ ਬਲੈਕਲਿਸਟ ਤੋਂ ਡਰਿਆ ਪਾਕਿਸਤਾਨ

ਮੰਨਿਆ ਜਾ ਰਿਹਾ ਹੈ ਕਿ ਅਦਾਲਤ ਨੇ ਹਾਫਿਜ਼ ਸਈਦ ਖਿਲਾਫ (Hafiz Saeed) ਇਹ ਫੈਸਲਾ ਅਜਿਹੇ ਸਮੇਂ ‘ਚ ਦਿੱਤਾ ਹੈ ਜਦੋਂ ਪਾਕਿਸਤਾਨ ਨੂੰ FATF ਦੀ ਕਾਲੀ ਸੂਚੀ ‘ਚ ਸ਼ਾਮਲ ਕੀਤੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਜੇਕਰ ਪਾਕਿਸਤਾਨ ਨੂੰ FATF ਦੀ ਕਾਲੀ ਸੂਚੀ ‘ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਸ ਦੀ ਡੁੱਬਦੀ ਅਰਥਵਿਵਸਥਾ ‘ਤੇ ਭਾਰੀ ਸੱਟ ਵੱਜੇਗੀ।